ਸੁਖਮਨੀ ਸਾਹਿਬ

(ਅੰਗ: 69)


ਪੂਜਾ ਸਤਿ ਸਤਿ ਸੇਵਦਾਰ ॥

ਪ੍ਰਭੂ ਦੀ ਪੂਜਾ ਇਕ ਸਦਾ ਨਿਭਣ ਵਾਲਾ ਕੰਮ ਹੈ, (ਸੋ) ਪੂਜਾ ਕਰਨ ਵਾਲੇ ਸਦਾ ਲਈ ਅਟੱਲ ਹੋ ਜਾਂਦੇ ਹਨ।

ਦਰਸਨੁ ਸਤਿ ਸਤਿ ਪੇਖਨਹਾਰ ॥

ਪ੍ਰਭੂ ਦਾ ਦੀਦਾਰ ਸਤਿ-(ਕਰਮ) ਹੈ, ਦੀਦਾਰ ਕਰਨ ਵਾਲੇ ਭੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ;

ਨਾਮੁ ਸਤਿ ਸਤਿ ਧਿਆਵਨਹਾਰ ॥

ਪ੍ਰਭੂ ਦਾ ਨਾਮ ਸਦਾ ਅਟੱਲ ਹੈ, ਸਿਮਰਨ ਵਾਲੇ ਭੀ ਥਿਰ ਹਨ।

ਆਪਿ ਸਤਿ ਸਤਿ ਸਭ ਧਾਰੀ ॥

ਪ੍ਰਭੂ ਆਪ ਸਦਾ ਹੋਂਦ ਵਾਲਾ ਹੈ, ਉਸ ਦੀ ਟਿਕਾਈ ਹੋਈ ਰਚਨਾ ਭੀ ਹੋਂਦ ਵਾਲੀ ਹੈ;

ਆਪੇ ਗੁਣ ਆਪੇ ਗੁਣਕਾਰੀ ॥

ਪ੍ਰਭੂ ਆਪ ਗੁਣ (-ਰੂਪ) ਹੈ, ਆਪ ਹੀ ਗੁਣ ਪੈਦਾ ਕਰਨ ਵਾਲਾ ਹੈ।

ਸਬਦੁ ਸਤਿ ਸਤਿ ਪ੍ਰਭੁ ਬਕਤਾ ॥

(ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਸਦਾ ਕਾਇਮ ਹੈ, ਸ਼ਬਦ ਨੂੰ ਉੱਚਾਰਨ ਵਾਲਾ ਵੀ ਥਿਰ ਹੋ ਜਾਂਦਾ ਹੈ,

ਸੁਰਤਿ ਸਤਿ ਸਤਿ ਜਸੁ ਸੁਨਤਾ ॥

ਪ੍ਰਭੂ ਵਿਚ ਸੁਰਤ ਜੋੜਨੀ ਸਤਿ (-ਕਰਮ ਹੈ) ਪ੍ਰਭੂ ਦਾ ਜਸ ਸੁਣਨ ਵਾਲਾ ਭੀ ਸਤਿ ਹੈ।

ਬੁਝਨਹਾਰ ਕਉ ਸਤਿ ਸਭ ਹੋਇ ॥

(ਪ੍ਰਭੂ ਦੀ ਹੋਂਦ) ਸਮਝਣ ਵਾਲੇ ਨੂੰ ਉਸ ਦਾ ਰਚਿਆ ਜਗਤ ਭੀ ਹਸਤੀ ਵਾਲਾ ਦਿੱਸਦਾ ਹੈ (ਭਾਵ, ਮਿਥਿਆ ਨਹੀਂ ਭਾਸਦਾ);

ਨਾਨਕ ਸਤਿ ਸਤਿ ਪ੍ਰਭੁ ਸੋਇ ॥੧॥

ਹੇ ਨਾਨਕ! ਪ੍ਰਭੂ ਆਪ ਸਦਾ ਹੀ ਥਿਰ ਰਹਿਣ ਵਾਲਾ ਹੈ ॥੧॥

ਸਤਿ ਸਰੂਪੁ ਰਿਦੈ ਜਿਨਿ ਮਾਨਿਆ ॥

ਜਿਸ ਮਨੁੱਖ ਨੇ ਅਟੱਲ ਪ੍ਰਭੂ ਦੀ ਮੂਰਤਿ ਨੂੰ ਸਦਾ ਮਨ ਵਿਚ ਟਿਕਾਇਆ ਹੈ,

ਕਰਨ ਕਰਾਵਨ ਤਿਨਿ ਮੂਲੁ ਪਛਾਨਿਆ ॥

ਉਸ ਨੇ ਸਭ ਕੁਝ ਕਰਨ ਵਾਲੇ ਤੇ (ਜੀਵਾਂ ਪਾਸੋਂ) ਕਰਾਉਣ ਵਾਲੇ (ਜਗਤ ਦੇ) ਮੂਲ ਨੂੰ ਪਛਾਣ ਲਿਆ ਹੈ।

ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ (ਦੀ ਹਸਤੀ) ਦਾ ਯਕੀਨ ਬੱਝ ਗਿਆ ਹੈ,

ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥

ਉਸ ਦੇ ਮਨ ਵਿਚ ਸੱਚਾ ਗਿਆਨ ਪਰਗਟ ਹੋ ਗਿਆ ਹੈ;

ਭੈ ਤੇ ਨਿਰਭਉ ਹੋਇ ਬਸਾਨਾ ॥

(ਉਹ ਮਨੁੱਖ) (ਜਗਤ ਦੇ ਹਰੇਕ) ਡਰ ਤੋਂ (ਰਹਿਤ ਹੋ ਕੇ) ਨਿਡਰ ਹੋ ਕੇ ਵੱਸਦਾ ਹੈ,

ਜਿਸ ਤੇ ਉਪਜਿਆ ਤਿਸੁ ਮਾਹਿ ਸਮਾਨਾ ॥

(ਕਿਉਂਕਿ) ਉਹ ਸਦਾ ਉਸ ਪ੍ਰਭੂ ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ;

ਬਸਤੁ ਮਾਹਿ ਲੇ ਬਸਤੁ ਗਡਾਈ ॥

(ਜਿਵੇਂ) ਇਕ ਚੀਜ਼ ਲੈ ਕੇ (ਉਸ ਕਿਸਮ ਦੀ) ਚੀਜ਼ ਵਿਚ ਰਲਾ ਦਿੱਤੀ ਜਾਏ (ਤੇ ਦੋਹਾਂ ਦਾ ਕੋਈ ਫ਼ਰਕ ਨਹੀਂ ਰਹਿ ਜਾਂਦਾ,

ਤਾ ਕਉ ਭਿੰਨ ਨ ਕਹਨਾ ਜਾਈ ॥

ਤਿਵੇਂ ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਲੀਨ ਹੈ) ਉਸ ਨੂੰ ਪ੍ਰਭੂ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ।

ਬੂਝੈ ਬੂਝਨਹਾਰੁ ਬਿਬੇਕ ॥

(ਪਰ) ਇਸ ਵਿਚਾਰ ਨੂੰ ਵਿਚਾਰਨ ਵਾਲਾ (ਕੋਈ ਵਿਰਲਾ) ਸਮਝਦਾ ਹੈ।

ਨਾਰਾਇਨ ਮਿਲੇ ਨਾਨਕ ਏਕ ॥੨॥

ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਮਿਲ ਪਏ ਹਨ ਉਹ ਉਸ ਦੇ ਨਾਲ ਇਕ ਰੂਪ ਹੋ ਗਏ ਹਨ ॥੨॥

ਠਾਕੁਰ ਕਾ ਸੇਵਕੁ ਆਗਿਆਕਾਰੀ ॥

ਪ੍ਰਭੂ ਦਾ ਸੇਵਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ,