ਜੇ ਸਮਝ ਵਾਲਾ ਹੋਵੇ ਤਾਂ ਆਪਣੇ ਆਪ (ਇਸ ਤੋਂ) ਬਚਿਆ ਰਹੇ;
(ਪਰ ਇਸ ਦਾ ਮਨ) ਭੁਲੇਖੇ ਵਿਚ ਭੁੱਲਾ ਹੋਇਆ (ਮਾਇਆ ਦੀ ਖ਼ਾਤਿਰ) ਦਸੀਂ ਪਾਸੀਂ ਦੌੜਦਾ ਹੈ,
ਅੱਖ ਦੇ ਫੋਰ ਵਿਚ ਚਹੁੰ ਕੂਟਾਂ ਵਿਚ ਭੱਜ ਦੌੜ ਆਉਂਦਾ ਹੈ।
(ਪ੍ਰਭੂ) ਮੇਹਰ ਕਰ ਕੇ ਜਿਸ ਜਿਸ ਮਨੁੱਖ ਨੂੰ ਆਪਣੀ ਭਗਤੀ ਬਖ਼ਸ਼ਦਾ ਹੈ,
ਹੇ ਨਾਨਕ! ਉਹ ਮਨੁੱਖ ਨਾਮ ਵਿਚ ਟਿਕੇ ਰਹਿੰਦੇ ਹਨ ॥੩॥
ਖਿਣ ਵਿਚ ਪ੍ਰਭੂ ਕੀੜੇ (ਵਰਗੇ) ਨੀਵੇਂ (ਮਨੁੱਖ) ਨੂੰ ਰਾਜ ਦੇ ਦੇਂਦਾ ਹੈ,
ਪ੍ਰਭੂ ਗ਼ਰੀਬਾਂ ਤੇ ਮੇਹਰ ਕਰਨ ਵਾਲਾ ਹੈ।
ਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿੱਸ ਆਉਂਦਾ,
ਉਸ ਨੂੰ ਪਲਕ ਵਿਚ ਦਸੀਂ ਪਾਸੀਂ ਉੱਘਾ ਕਰ ਦੇਂਦਾ ਹੈ।
ਜਿਸ ਮਨੁੱਖ ਤੇ ਜਗਤ ਦਾ ਮਾਲਕ ਪ੍ਰਭੂ ਆਪਣੀ ਬਖ਼ਸ਼ਸ਼ ਕਰਦਾ ਹੈ;
ਉਸ ਦਾ (ਕਰਮਾਂ ਦਾ) ਲੇਖਾ ਨਹੀਂ ਗਿਣਦਾ।
ਇਹ ਜਿੰਦ ਤੇ ਸਰੀਰ ਸਭ ਉਸ ਪ੍ਰਭੂ ਦੀ ਦਿੱਤੀ ਹੋਈ ਪੂੰਜੀ ਹੈ,
ਹਰੇਕ ਸਰੀਰ ਵਿਚ ਵਿਆਪਕ ਪ੍ਰਭੂ ਦਾ ਹੀ ਜਲਵਾ ਹੈ।
ਇਹ (ਜਗਤ-) ਰਚਨਾ ਉਸ ਨੇ ਆਪ ਰਚੀ ਹੈ।
ਹੇ ਨਾਨਕ! ਆਪਣੀ (ਇਸ) ਬਜ਼ੁਰਗੀ ਨੂੰ ਆਪ ਵੇਖ ਕੇ ਖ਼ੁਸ਼ ਹੋ ਰਿਹਾ ਹੈ ॥੪॥
ਇਸ (ਜੀਵ) ਦੀ ਤਾਕਤ ਇਸ ਦੇ ਆਪਣੇ ਹੱਥ ਨਹੀਂ ਹੈ,
ਸਭ ਜੀਵਾਂ ਦਾ ਮਾਲਕ ਪ੍ਰਭੂ ਆਪ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ।
ਵਿਚਾਰਾ ਜੀਵ ਪ੍ਰਭੂ ਦੇ ਹੁਕਮ ਵਿਚ ਹੀ ਤੁਰਨ ਵਾਲਾ ਹੈ,
(ਕਿਉਂਕਿ) ਹੁੰਦਾ ਓਹੀ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ।
(ਪ੍ਰਭੂ ਆਪ) ਕਦੇ ਉੱਚਿਆਂ ਵਿਚ ਕਦੇ ਨੀਵਿਆਂ ਵਿਚ ਪ੍ਰਗਟ ਹੋ ਰਿਹਾ ਹੈ,