ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਿਰੀਰਾਗੁ ਮਹਲਾ ੧ ਘਰੁ ੩ ॥

ਰਾਗ ਸਿਰੀਰਾਗ, ਘਰ ੩ ਵਿੱਚ ਗੁਰੂ ਨਾਨਕ ਜੀ ਦੀ ਬਾਣੀ।

ਜੋਗੀ ਅੰਦਰਿ ਜੋਗੀਆ ॥

(ਹੇ ਪ੍ਰਭੂ!) ਜੋਗੀਆਂ ਦੇ ਅੰਦਰ (ਵਿਆਪਕ ਹੋ ਕੇ ਤੂੰ ਆਪ ਹੀ) ਜੋਗ ਕਮਾ ਰਿਹਾ ਹੈਂ,

ਤੂੰ ਭੋਗੀ ਅੰਦਰਿ ਭੋਗੀਆ ॥

ਮਾਇਆ ਦੇ ਭੋਗ ਭੋਗਣ ਵਾਲਿਆਂ ਦੇ ਅੰਦਰ ਭੀ ਤੂੰ ਹੀ ਪਦਾਰਥ ਭੋਗ ਰਿਹਾ ਹੈਂ।

ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥

ਸੁਰਗ ਲੋਕ ਵਿਚ ਮਾਤ ਲੋਕ ਵਿਚ ਪਾਤਾਲ ਲੋਕ ਵਿਚ (ਵੱਸਦੇ ਕਿਸੇ ਭੀ ਜੀਵ ਨੇ) ਤੇਰੇ ਗੁਣਾਂ ਦਾ ਅੰਤ ਨਹੀਂ ਲੱਭਾ ॥੧॥

ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥

ਹੇ ਪ੍ਰਭੂ! ਮੈਂ ਸਦਕੇ ਹਾਂ ਤੇਰੇ ਨਾਮ ਤੋਂ, ਵਾਰਨੇ ਜਾਂਦਾ ਹਾਂ ਤੇਰੇ ਨਾਮ ਤੋਂ, ਕੁਰਬਾਨ ਹਾਂ ਤੇਰੇ ਨਾਮ ਤੋਂ ॥੧॥ ਰਹਾਉ ॥

ਤੁਧੁ ਸੰਸਾਰੁ ਉਪਾਇਆ ॥

(ਹੇ ਪ੍ਰਭੂ!) ਤੂੰ ਹੀ ਜਗਤ ਪੈਦਾ ਕੀਤਾ ਹੈ,

ਸਿਰੇ ਸਿਰਿ ਧੰਧੇ ਲਾਇਆ ॥

ਹਰੇਕ ਜੀਵ ਉੱਤੇ (ਉਹਨਾਂ ਦੇ ਕੀਤੇ ਕਰਮਾਂ ਦੇ ਲੇਖ ਲਿਖ ਕੇ ਜੀਵਾਂ ਨੂੰ ਤੂੰ ਹੀ ਮਾਇਆ ਦੇ) ਧੰਧਿਆਂ ਵਿਚ ਫਸਾਇਆ ਹੋਇਆ ਹੈ।

ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥

ਤੂੰ ਕੁਦਰਤਿ ਰਚ ਕੇ (ਜਗਤ-ਚਉਪੜ ਦੀਆਂ) ਜੀਵ-ਨਰਦਾਂ ਸੁੱਟ ਕੇ ਤੂੰ ਆਪ ਹੀ ਆਪਣੇ ਰਚੇ ਜਗਤ ਦੀ ਸੰਭਾਲ ਕਰ ਰਿਹਾ ਹੈਂ ॥੨॥

ਪਰਗਟਿ ਪਾਹਾਰੈ ਜਾਪਦਾ ॥

(ਹੇ ਭਾਈ!) ਪਰਮਾਤਮਾ ਇਸ ਦਿੱਸਦੇ ਜਗਤ-ਪਸਾਰੇ ਵਿਚ (ਵੱਸਦਾ) ਦਿੱਸ ਰਿਹਾ ਹੈ।

ਸਭੁ ਨਾਵੈ ਨੋ ਪਰਤਾਪਦਾ ॥

ਹਰੇਕ ਜੀਵ ਉਸ ਪ੍ਰਭੂ ਦੇ ਨਾਮ ਲਈ ਤਾਂਘਦਾ ਹੈ।

ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥

ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ (ਕਿਉਂਕਿ) ਸਾਰੀ ਸ੍ਰਿਸ਼ਟੀ ਮਾਇਆ ਦੇ ਜਾਲ ਵਿਚ ਫਸੀ ਹੋਈ ਹੈ ॥੩॥

ਸਤਿਗੁਰ ਕਉ ਬਲਿ ਜਾਈਐ ॥

(ਹੇ ਭਾਈ!) ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ,

ਜਿਤੁ ਮਿਲਿਐ ਪਰਮ ਗਤਿ ਪਾਈਐ ॥

(ਕਿਉਂਕਿ) ਉਸ (ਗੁਰੂ) ਦੇ ਮਿਲਿਆਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰੀਦੀ ਹੈ।

ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥

(ਜਿਸ ਨਾਮ-ਪਦਾਰਥ ਨੂੰ) ਦੇਵਤੇ ਮਨੁੱਖ ਮੋਨਧਾਰੀ ਲੋਕ ਤਰਸਦੇ ਆ ਰਹੇ ਹਨ ਉਹ (ਪਦਾਰਥ) ਸਤਿਗੁਰੂ ਨੇ ਸਮਝਾ ਦਿੱਤਾ ਹੈ ॥੪॥

ਸਤਸੰਗਤਿ ਕੈਸੀ ਜਾਣੀਐ ॥

ਕਿਹੋ ਜਿਹੇ ਇਕੱਠ ਨੂੰ ਸਤ ਸੰਗਤਿ ਸਮਝਣਾ ਚਾਹੀਦਾ ਹੈ?

ਜਿਥੈ ਏਕੋ ਨਾਮੁ ਵਖਾਣੀਐ ॥

(ਸਤਸੰਗਤਿ ਉਹ ਹੈ) ਜਿੱਥੇ ਸਿਰਫ਼ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ।

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

ਹੇ ਨਾਨਕ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ (ਸਤਸੰਗਤਿ ਵਿਚ) ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਹੀ (ਪ੍ਰਭੂ ਦਾ) ਹੁਕਮ ਹੈ ॥੫॥

ਇਹੁ ਜਗਤੁ ਭਰਮਿ ਭੁਲਾਇਆ ॥

ਇਹ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਾਹ ਤੋਂ ਲਾਂਭੇ ਜਾ ਰਿਹਾ ਹੈ।

ਆਪਹੁ ਤੁਧੁ ਖੁਆਇਆ ॥

(ਪਰ ਜੀਵਾਂ ਦੇ ਕੀਹ ਵੱਸ? ਹੇ ਪ੍ਰਭੂ!) ਤੂੰ ਆਪ ਹੀ (ਜਗਤ ਨੂੰ) ਆਪਣੇ ਆਪ ਤੋਂ ਵਿਛੋੜਿਆ ਹੋਇਆ ਹੈ।

ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥

ਜਿਨ੍ਹਾਂ ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਚੰਗੇ ਭਾਗ ਨਹੀਂ ਹਨ, ਉਹਨਾਂ ਨੂੰ (ਮਾਇਆ ਦੇ ਮੋਹ ਵਿਚ ਫਸਣ ਦੇ ਕਾਰਨ ਆਤਮਕ) ਦੁੱਖ ਲੱਗਾ ਹੋਇਆ ਹੈ ॥੬॥

ਦੋਹਾਗਣੀ ਕਿਆ ਨੀਸਾਣੀਆ ॥

ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਕੀ ਲੱਛਣ ਹਨ?

ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥

(ਮੰਦ-ਭਾਗਣ, ਜੀਵ-ਇਸਤ੍ਰੀਆਂ ਉਹ ਹਨ) ਜੇਹੜੀਆਂ ਖਸਮ-ਪ੍ਰਭੂ ਤੋਂ ਖੁੰਝੀਆਂ ਹੋਈਆਂ ਹਨ ਤੇ ਨਿਆਸਰੀਆਂ ਹੋ ਕੇ ਭਟਕ ਰਹੀਆਂ ਹਨ।

ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥

ਅਜੇਹੀਆਂ ਜੀਵ-ਇਸਤ੍ਰੀਆਂ ਦੇ ਚੇਹਰੇ ਭੀ ਵਿਕਾਰਾਂ ਦੀ ਮੈਲ ਨਾਲ ਭਰਿਸ਼ਟੇ ਹੋਏ ਦਿੱਸਦੇ ਹਨ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਬੀਤਦੀ ਹੈ ॥੭॥

ਸੋਹਾਗਣੀ ਕਿਆ ਕਰਮੁ ਕਮਾਇਆ ॥

ਜੇਹੜੀਆਂ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਅਖਵਾਂਦੀਆਂ ਹਨ ਉਹਨਾਂ ਕੇਹੜਾ (ਚੰਗਾ ਕੰਮ) ਕੀਤਾ ਹੋਇਆ ਹੈ?

ਪੂਰਬਿ ਲਿਖਿਆ ਫਲੁ ਪਾਇਆ ॥

ਉਹਨਾਂ ਨੇ ਪਿਛਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਸੰਸਕਾਰਾਂ ਵਜੋਂ ਹੁਣ ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਲਿਆ ਹੈ।

ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥

ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰ ਕੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੮॥

ਹੁਕਮੁ ਜਿਨਾ ਨੋ ਮਨਾਇਆ ॥

ਪਰਮਾਤਮਾ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਆਪਣਾ ਹੁਕਮ ਮੰਨਣ ਲਈ ਪ੍ਰੇਰਦਾ ਹੈ,

ਤਿਨ ਅੰਤਰਿ ਸਬਦੁ ਵਸਾਇਆ ॥

ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਸਾਂਦੀਆਂ ਹਨ।

ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥

ਉਹੀ ਜੀਵ-ਸਹੇਲੀਆਂ ਭਾਗਾਂ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਆਪਣੇ ਖਸਮ-ਪ੍ਰਭੂ ਨਾਲ ਪਿਆਰ ਬਣਿਆ ਰਹਿੰਦਾ ਹੈ ॥੯॥

ਜਿਨਾ ਭਾਣੇ ਕਾ ਰਸੁ ਆਇਆ ॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਵਿਚ ਤੁਰਨ ਦਾ ਆਨੰਦ ਆ ਜਾਂਦਾ ਹੈ,

ਤਿਨ ਵਿਚਹੁ ਭਰਮੁ ਚੁਕਾਇਆ ॥

ਉਹ ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦੇ ਹਨ (ਪਰ ਇਹ ਮਿਹਰ ਸਤਿਗੁਰੂ ਦੀ ਹੀ ਹੈ)।

ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥

ਹੇ ਨਾਨਕ! ਗੁਰੂ ਅਜੇਹਾ (ਦਿਆਲ) ਹੈ ਕਿ ਉਹ (ਸਰਨ ਆਏ) ਸਭ ਜੀਵਾਂ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ ॥੧੦॥

ਸਤਿਗੁਰਿ ਮਿਲਿਐ ਫਲੁ ਪਾਇਆ ॥

ਉਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਰਸ ਪ੍ਰਾਪਤ ਕਰ ਲਿਆ,

ਜਿਨਿ ਵਿਚਹੁ ਅਹਕਰਣੁ ਚੁਕਾਇਆ ॥

ਜਿਸ ਮਨੁੱਖ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ।

ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥

ਉਸ ਮਨੁੱਖ ਦੇ ਅੰਦਰੋਂ ਭੈੜੀ ਮਤਿ ਦਾ ਦੁੱਖ ਕੱਟਿਆ ਜਾਂਦਾ ਹੈ, ਉਸ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ ॥੧੧॥

ਅੰਮ੍ਰਿਤੁ ਤੇਰੀ ਬਾਣੀਆ ॥

(ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਦੀ ਬਾਣੀ (ਮਾਨੋ) ਆਤਮਕ ਜੀਵਨ ਦੇਣ ਵਾਲਾ ਜਲ ਹੈ,

ਤੇਰਿਆ ਭਗਤਾ ਰਿਦੈ ਸਮਾਣੀਆ ॥

ਇਹ ਬਾਣੀ ਤੇਰੇ ਭਗਤਾਂ ਦੇ ਹਿਰਦੇ ਵਿਚ (ਹਰ ਵੇਲੇ) ਟਿਕੀ ਰਹਿੰਦੀ ਹੈ।

ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥

ਤੇਰੀ ਸੁਖਦਾਈ ਸੇਵਾ-ਭਗਤੀ ਭਗਤਾਂ ਦੇ ਅੰਦਰ ਟਿਕਣ ਕਰ ਕੇ ਤੂੰ ਉਹਨਾਂ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਤੇ ਉਹਨਾਂ ਨੂੰ ਪਾਰ ਲੰਘਾ ਦੇਂਦਾ ਹੈਂ ॥੧੨॥

ਸਤਿਗੁਰੁ ਮਿਲਿਆ ਜਾਣੀਐ ॥

ਤਦੋਂ (ਕਿਸੇ ਵਡਭਾਗੀ ਨੂੰ) ਗੁਰੂ ਮਿਲਿਆ ਸਮਝਣਾ ਚਾਹੀਦਾ ਹੈ,

ਜਿਤੁ ਮਿਲਿਐ ਨਾਮੁ ਵਖਾਣੀਐ ॥

ਜੇ ਗੁਰੂ ਦੇ ਮਿਲਣ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾਏ।

ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥

ਗੁਰੂ ਦੀ ਸਰਨ ਪੈਣ ਤੋਂ ਬਿਨਾ (ਪਰਮਾਤਮਾ ਦਾ ਨਾਮ) ਨਹੀਂ ਮਿਲਦਾ, (ਗੁਰੂ ਦਾ ਆਸਰਾ ਛੱਡ ਕੇ) ਸਾਰੀ ਦੁਨੀਆ (ਤੀਰਥ ਵਰਤ ਆਦਿਕ ਹੋਰ ਹੋਰ ਮਿਥੇ ਹੋਏ ਧਾਰਮਿਕ) ਕੰਮ ਕਰ ਕੇ ਖਪ ਜਾਂਦੀ ਹੈ ॥੧੩॥

ਹਉ ਸਤਿਗੁਰ ਵਿਟਹੁ ਘੁਮਾਇਆ ॥

ਮੈਂ (ਤਾਂ) ਗੁਰੂ ਤੋਂ ਕੁਰਬਾਨ ਹਾਂ,

ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥

ਜਿਸ ਨੇ ਭਟਕਣਾ ਵਿਚ ਕੁਰਾਹੇ ਪਏ ਜੀਵ ਨੂੰ ਸਹੀ ਜੀਵਨ-ਰਾਹ ਤੇ ਪਾਇਆ ਹੈ।

ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥

ਜੇ ਗੁਰੂ ਆਪਣੀ ਮਿਹਰ ਦੀ ਨਿਗਾਹ ਕਰੇ, ਤਾਂ ਉਹ ਆਪ ਹੀ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ ॥੧੪॥

ਤੂੰ ਸਭਨਾ ਮਾਹਿ ਸਮਾਇਆ ॥

(ਹੇ ਪ੍ਰਭੂ!) ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ।

ਤਿਨਿ ਕਰਤੈ ਆਪੁ ਲੁਕਾਇਆ ॥

(ਹੇ ਭਾਈ! ਸਾਰੇ ਜੀਵਾਂ ਵਿਚ ਵਿਆਪਕ ਹੁੰਦਿਆਂ ਭੀ) ਉਸ ਕਰਤਾਰ ਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਹੈ।

ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥

ਹੇ ਨਾਨਕ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਕਰਤਾਰ ਨੇ ਆਪਣੀ ਜੋਤਿ ਪਰਗਟ ਕੀਤੀ ਹੈ, ਉਸ ਦੇ ਅੰਦਰ ਕਰਤਾਰ ਪਰਗਟ ਹੋ ਜਾਂਦਾ ਹੈ ॥੧੫॥

ਆਪੇ ਖਸਮਿ ਨਿਵਾਜਿਆ ॥

ਖਸਮ-ਪ੍ਰਭੂ ਨੇ (ਆਪਣੇ ਸੇਵਕ ਨੂੰ) ਆਪ ਹੀ ਵਡਿਆਈ ਦਿੱਤੀ ਹੈ,

ਜੀਉ ਪਿੰਡੁ ਦੇ ਸਾਜਿਆ ॥

ਜਿੰਦ ਤੇ ਸਰੀਰ ਦੇ ਕੇ ਆਪ ਹੀ ਉਸ ਨੂੰ ਪੈਦਾ ਕੀਤਾ ਹੈ।

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਸਿਰੀ ਰਾਗੁ
ਲਿਖਾਰੀ: ਗੁਰੂ ਨਾਨਕ ਦੇਵ ਜੀ
ਅੰਗ: 71 - 72
ਲੜੀ ਸੰਃ: 14 - 15

ਸਿਰੀ ਰਾਗੁ

ਇਸ ਰਾਗ ਦਾ ਅਧਾਰ ਮੁੱਖ ਧਾਰਾ ਭਾਰਤੀ ਸ਼ਾਸਤਰੀ ਸੰਗੀਤ ਦੀਆਂ ਪਰੰਪਰਾਵਾਂ ਹਨ। ਸਿਰੀ ਰਾਗ ਗੰਭੀਰ ਅਤੇ ਚਿੰਤਨਸ਼ੀਲ ਹੈ ਅਤੇ ਇਕ ਅਜਿਹਾ ਮਾਹੌਲ ਪੈਦਾ ਕਰਦਾ ਹੈ। ਸੁਣਨ ਵਾਲੇ (ਮਨ) ਨੂੰ ਸੰਦੇਸ਼ ਦੀ ਸੱਚਾਈ ਤੋਂ ਜਾਣੂ ਕਰਾਇਆ ਜਾਂਦਾ ਹੈ ਅਤੇ ਇਸ ‘ਸਿੱਖਿਆ’ ਨਾਲ ਨਿਮਰਤਾ ਅਤੇ ‘ਪ੍ਰਾਪਤ’ ਗਿਆਨ ਦੋਵਾਂ ਨਾਲ ਭਵਿੱਖ ਦਾ ਸਾਹਮਣਾ ਕਰਨ ਦੀ ਤਾਕਤ ਦਿੱਤੀ ਜਾਂਦੀ ਹੈ।