ਜਬ ਲਗੁ ਜਾਨੈ ਮੁਝ ਤੇ ਕਛੁ ਹੋਇ ॥

ਮਨੁੱਖ ਜਦ ਤਕ ਇਹ ਸਮਝਦਾ ਹੈ ਕਿ ਮੈਥੋਂ ਕੁਝ ਹੋ ਸਕਦਾ ਹੈ,

ਤਬ ਇਸ ਕਉ ਸੁਖੁ ਨਾਹੀ ਕੋਇ ॥

ਤਦ ਤਾਈਂ ਇਸ ਨੂੰ ਕੋਈ ਸੁਖ ਨਹੀਂ ਹੁੰਦਾ।

ਜਬ ਇਹ ਜਾਨੈ ਮੈ ਕਿਛੁ ਕਰਤਾ ॥

ਜਦ ਤਕ ਇਹ ਸਮਝਦਾ ਹੈ ਕਿ ਮੈਂ (ਆਪਣੇ ਬਲ ਨਾਲ) ਕੁਝ ਕਰਦਾ ਹਾਂ,

ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥

ਤਦ ਤਕ (ਵੱਖਰਾ-ਪਨ ਦੇ ਕਾਰਣ) ਜੂਨਾਂ ਵਿਚ ਪਿਆ ਰਹਿੰਦਾ ਹੈ।

ਜਬ ਧਾਰੈ ਕੋਊ ਬੈਰੀ ਮੀਤੁ ॥

ਜਦ ਤਕ ਮਨੁੱਖ ਕਿਸੇ ਨੂੰ ਵੈਰੀ ਤੇ ਕਿਸੇ ਨੂੰ ਮਿਤ੍ਰ ਸਮਝਦਾ ਹੈ,

ਤਬ ਲਗੁ ਨਿਹਚਲੁ ਨਾਹੀ ਚੀਤੁ ॥

ਤਦ ਤਕ ਇਸ ਦਾ ਮਨ ਟਿਕਾਣੇ ਨਹੀਂ ਆਉਂਦਾ।

ਜਬ ਲਗੁ ਮੋਹ ਮਗਨ ਸੰਗਿ ਮਾਇ ॥

ਜਦ ਤਕ ਬੰਦਾ ਮਾਇਆ ਦੇ ਮੋਹ ਵਿਚ ਗ਼ਰਕ ਰਹਿੰਦਾ ਹੈ,

ਤਬ ਲਗੁ ਧਰਮ ਰਾਇ ਦੇਇ ਸਜਾਇ ॥

ਤਦ ਤਕ ਇਸ ਨੂੰ ਧਰਮ-ਰਾਜ ਡੰਡ ਦੇਂਦਾ ਹੈ।

ਪ੍ਰਭ ਕਿਰਪਾ ਤੇ ਬੰਧਨ ਤੂਟੈ ॥

(ਮਾਇਆ ਦੇ) ਬੰਧਨ ਪ੍ਰਭੂ ਦੀ ਮੇਹਰ ਨਾਲ ਟੁੱਟਦੇ ਹਨ,

ਗੁਰਪ੍ਰਸਾਦਿ ਨਾਨਕ ਹਉ ਛੂਟੈ ॥੪॥

ਹੇ ਨਾਨਕ! ਮਨੁੱਖ ਦੀ ਹਉਮੈ ਗੁਰੂ ਦੀ ਕਿਰਪਾ ਨਾਲ ਮੁੱਕਦੀ ਹੈ ॥੪॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਗਉੜੀ
ਲਿਖਾਰੀ: ਗੁਰੂ ਅਰਜਨ ਦੇਵ ਜੀ
ਅੰਗ: 278
ਲੜੀ ਸੰਃ: 16 - 19

ਰਾਗੁ ਗਉੜੀ

ਰਾਗੁ ਗਉੜੀ ਸੁਣਨ ਵਾਲੇ ਨੂੰ ਇੱਕ ਉਦੇਸ਼ ਪ੍ਰਾਪਤੀ ਦੀ ਸਖਤ ਕੋਸ਼ਿਸ਼ ਕਰਨ ਲਈ ਉਤਸ਼ਾਹਤ ਕਰਦਾ ਹੈ। ਹਾਲਾਂਕਿ, ਰਾਗ ਦੁਆਰਾ ਦਿੱਤਾ ਉਤਸ਼ਾਹ ਹਉਮੈ ਨੂੰ ਵਧਣ ਨਹੀਂ ਦਿੰਦਾ। ਇਹ, ਇਸ ਲਈ, ਇੱਕ ਮਾਹੌਲ ਪੈਦਾ ਕਰਦਾ ਹੈ ਜਿੱਥੇ ਸੁਣਨ ਵਾਲੇ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ, ਪਰ ਫਿਰ ਵੀ ਹੰਕਾਰੀ ਅਤੇ ਸਵੈ-ਮਹੱਤਵਪੂਰਣ ਬਣਨ ਤੋਂ ਰੋਕ ਦਿੰਦਾ ਹੈ।