ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਪਦਿਆਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੇ ਵੀਰ! (ਮਨੁੱਖ ਦੇ ਅੰਦਰ) ਆਤਮਕ ਆਨੰਦ ਕਿਨ੍ਹਾਂ ਤਰੀਕਿਆਂ ਨਾਲ (ਪੈਦਾ) ਹੋ ਸਕਦਾ ਹੈ?
(ਅਸਲ) ਮਿੱਤਰ ਹਰੀ-ਪਰਮਾਤਮਾ ਕਿਵੇਂ ਮਿਲ ਸਕਦਾ ਹੈ? ॥੧॥ ਰਹਾਉ ॥
ਘਰ (ਦੇ ਮੋਹ) ਵਿਚ ਆਤਮਕ ਸੁਖ ਨਹੀਂ ਹੈ, ਇਹ ਸਮਝਣ ਵਿਚ ਭੀ ਆਤਮਕ ਸੁਖ ਨਹੀਂ ਹੈ ਕਿ ਇਹ ਸਾਰੀ ਮਾਇਆ ਮੇਰੀ ਹੈ।
ਉੱਚੇ ਮਹਲ-ਮਾੜੀਆਂ ਤੇ ਸੁੰਦਰ ਬਾਗਾਂ ਦੀ ਛਾਂ ਮਾਣਨ ਵਿਚ ਭੀ ਆਤਮਕ ਆਨੰਦ ਨਹੀਂ।
(ਜਿਸ ਮਨੁੱਖ ਨੇ ਇਹਨਾਂ ਵਿਚ ਆਤਮਕ ਸੁਖ ਸਮਝਿਆ ਹੈ ਉਸ ਨੇ) ਝੂਠੇ ਲਾਲਚ ਵਿਚ (ਆਪਣਾ ਮਨੁੱਖਾ) ਜਨਮ ਗਵਾ ਲਿਆ ਹੈ ॥੧॥
ਹੇ ਮੇਰੇ ਵੀਰ! ਇਸ ਤਰੀਕੇ ਨਾਲ (ਭਾਵ, ਰਜ਼ਾ ਵਿਚ ਰਾਜ਼ੀ ਰਹਿਣ ਨਾਲ) ਆਤਮਕ ਆਨੰਦ ਪੈਦਾ ਹੁੰਦਾ ਹੈ,
ਇਸ ਤਰ੍ਹਾਂ (ਹੀ) ਅਸਲ ਮਿੱਤਰ ਹਰੀ-ਪਰਮਾਤਮਾ ਮਿਲਦਾ ਹੈ ॥੧॥ਰਹਾਉ ਦੂਜਾ॥੧॥
ਮਨੁੱਖ ਹਾਥੀ ਘੋੜੇ ਵੇਖ ਕੇ ਖ਼ੁਸ਼ੀ (ਮਹਿਸੂਸ ਕਰਦਾ ਹੈ),
ਫ਼ੌਜਾਂ ਇਕੱਠੀਆਂ ਕਰਦਾ ਹੈ, ਮੰਤਰੀ ਤੇ ਸ਼ਾਹੀ ਨੌਕਰ ਰੱਖਦਾ ਹੈ,
ਪਰ ਉਸ ਦੇ ਗਲ ਵਿਚ ਹਉਮੈ ਦੀ ਰੱਸੀ ਹਉਮੈ ਦੇ ਫਾਹੇ ਹੀ ਪੈਂਦੇ ਹਨ ॥੨॥
(ਰਾਜਾ ਬਣ ਕੇ ਮਨੁੱਖ) ਦਸੀਂ ਪਾਸੀਂ ਸਾਰੀ ਧਰਤੀ ਦਾ ਰਾਜ ਕਮਾਂਦਾ ਹੈ,
ਮੌਜਾਂ ਮਾਣਦਾ ਹੈ, ਇਸਤ੍ਰੀਆਂ ਭੋਗਦਾ ਹੈ।
(ਪਰ ਇਹ ਸਭ ਕੁਝ ਇਉਂ ਹੀ ਹੈ) ਜਿਵੇਂ ਕੋਈ ਰਾਜਾ ਮੰਗਤਾ ਬਣ ਜਾਂਦਾ ਹੈ (ਤੇ ਦੁਖੀ ਹੁੰਦਾ ਹੈ, ਆਤਮਕ ਸੁਖ ਦੇ ਥਾਂ ਰਾਜ ਵਿਚ ਤੇ ਭੋਗਾਂ ਵਿਚ ਭੀ ਦੁੱਖ ਹੀ ਦੁੱਖ ਹੈ) ॥੩॥
ਸਤਿਗੁਰੂ ਨੇ ਮੈਨੂੰ ਅਸਲ ਆਤਮਕ ਸੁਖ (ਦਾ ਮੂਲ) ਦੱਸਿਆ ਹੈ (ਉਹ ਹੈ ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਰਹਿਣਾ)।
ਜੋ ਕੁਝ ਪਰਮਾਤਮਾ ਕਰਦਾ ਹੈ ਉਸ ਦੇ ਭਗਤਾਂ ਨੂੰ ਉਹ ਮਿੱਠਾ ਲੱਗਦਾ ਹੈ (ਤੇ ਉਹ ਇਸ ਤਰ੍ਹਾਂ ਆਤਮਕ ਸੁਖ ਮਾਣਦੇ ਹਨ)।
ਹੇ ਦਾਸ ਨਾਨਕ! ਹਉਮੈ ਮਾਰ ਕੇ (ਵਡ-ਭਾਗੀ ਮਨੁੱਖ ਪਰਮਾਤਮਾ ਵਿਚ ਹੀ) ਲੀਨ ਰਹਿੰਦਾ ਹੈ ॥੪॥
ਰਾਗੁ ਗਉੜੀ ਸੁਣਨ ਵਾਲੇ ਨੂੰ ਇੱਕ ਉਦੇਸ਼ ਪ੍ਰਾਪਤੀ ਦੀ ਸਖਤ ਕੋਸ਼ਿਸ਼ ਕਰਨ ਲਈ ਉਤਸ਼ਾਹਤ ਕਰਦਾ ਹੈ। ਹਾਲਾਂਕਿ, ਰਾਗ ਦੁਆਰਾ ਦਿੱਤਾ ਉਤਸ਼ਾਹ ਹਉਮੈ ਨੂੰ ਵਧਣ ਨਹੀਂ ਦਿੰਦਾ। ਇਹ, ਇਸ ਲਈ, ਇੱਕ ਮਾਹੌਲ ਪੈਦਾ ਕਰਦਾ ਹੈ ਜਿੱਥੇ ਸੁਣਨ ਵਾਲੇ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ, ਪਰ ਫਿਰ ਵੀ ਹੰਕਾਰੀ ਅਤੇ ਸਵੈ-ਮਹੱਤਵਪੂਰਣ ਬਣਨ ਤੋਂ ਰੋਕ ਦਿੰਦਾ ਹੈ।