ਸਭ ਥਾਂਵਾਂ ਤੇ ਮੇਰੇ ਸਹਾਇਕ ਹੋ ਜਾਓ।
ਦੁਸ਼ਟ (ਦੁਸ਼ਮਨ) ਅਤੇ ਦੁਖ ਤੋਂ ਬਚਾ ਲਵੋ ॥੪੦੧॥
ਸ੍ਵੈਯਾ
ਜਦ ਤੋਂ ਤੁਹਾਡੇ ਚਰਨ ਫੜੇ ਹਨ ਤਦ ਤੋਂ ਮੈਂ (ਹੋਰ) ਕਿਸੇ ਨੂੰ ਅੱਖਾਂ ਹੇਠਾਂ ਨਹੀਂ ਲਿਆਉਂਦਾ।
ਰਾਮ, ਰਹੀਮ, ਪੁਰਾਨ ਅਤੇ ਕੁਰਾਨ ਨੇ ਅਨੇਕਾਂ ਮੱਤ ਕਹੇ ਗਏ ਹਨ। (ਪਰ ਮੈਂ ਕਿਸੇ) ਇਕ ਨੂੰ ਵੀ ਨਹੀਂ ਮੰਨਦਾ।
ਸਮ੍ਰਿਤੀਆਂ, ਸ਼ਾਸਤ੍ਰ ਅਤੇ ਵੇਦ ਬਹੁਤ ਸਾਰੇ ਭੇਦ ਦੱਸਦੇ ਹਨ, ਪਰ ਮੈਂ ਇਕ ਵੀ ਨਹੀਂ ਜਾਣਿਆ।
ਹੇ ਕਾਲ ਪੁਰਖ! ਤੇਰੀ ਕ੍ਰਿਪਾ ਕਰਕੇ (ਗ੍ਰੰਥ ਸਿਰਜਿਆ ਜਾ ਸਕਿਆ ਹੈ)। (ਇਹ) ਮੈਂ ਨਹੀਂ ਕਿਹਾ, ਸਾਰਾ ਤੁਸੀਂ ਹੀ ਕਥਨ ਕੀਤਾ ਹੈ ॥੮੬੩॥
ਦੋਹਰਾ
ਸਾਰੇ ਦਰਾਂ ਨੂੰ ਛੱਡ ਕੇ, ਤੁਹਾਡਾ ਦਰ ਫੜਿਆ ਹੈ।
ਤੁਹਾਨੂੰ ਬਾਂਹ ਫੜੇ ਦੀ ਲਾਜ ਹੈ, ਗੋਬਿੰਦ ਤੁਹਾਡਾ ਦਾਸ ਹਾਂ ॥੮੬੪॥
ਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਅਨੰਦ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ ਮਾਂ! (ਮੇਰੇ ਅੰਦਰ) ਪੂਰਨ ਖਿੜਾਉ ਪੈਦਾ ਹੋ ਗਿਆ ਹੈ (ਕਿਉਂਕਿ) ਮੈਨੂੰ ਗੁਰੂ ਮਿਲ ਪਿਆ ਹੈ।
ਮੈਨੂੰ ਗੁਰੂ ਮਿਲਿਆ ਹੈ, ਤੇ ਨਾਲ ਹੀ ਅਡੋਲ ਅਵਸਥਾ ਭੀ ਪ੍ਰਾਪਤ ਹੋ ਗਈ ਹੈ (ਭਾਵ, ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ); ਮੇਰੇ ਮਨ ਵਿਚ (ਮਾਨੋ) ਖ਼ੁਸ਼ੀ ਦੇ ਵਾਜੇ ਵੱਜ ਪਏ ਹਨ,
ਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ (ਮੇਰੇ ਮਨ ਵਿਚ, ਮਾਨੋ,) ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਵਣ ਆ ਗਏ ਹਨ।
(ਤੁਸੀ ਭੀ) ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵੋ। ਜਿਨ੍ਹਾਂ ਜਿਨ੍ਹਾਂ ਨੇ ਸਿਫ਼ਤ-ਸਾਲਾਹ ਦਾ ਸ਼ਬਦ ਮਨ ਵਿਚ ਵਸਾਇਆ ਹੈ (ਉਹਨਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ)।
ਨਾਨਕ ਆਖਦਾ ਹੈ (ਮੇਰੇ ਅੰਦਰ ਭੀ) ਆਨੰਦ ਬਣ ਗਿਆ ਹੈ (ਕਿਉਂਕਿ) ਮੈਨੂੰ ਸਤਿਗੁਰੂ ਮਿਲ ਪਿਆ ਹੈ ॥੧॥
ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਨਾਲ (ਜੁੜਿਆ) ਰਹੁ।
ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਨੂੰ ਯਾਦ ਰੱਖ।
ਉਹ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ।