ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਤੇਰੀ ਕ੍ਰਿਪਾ ਨਾਲ: ਸ੍ਵੈਯੇ:
(ਹੇ ਪ੍ਰਭੂ! ਮੈਂ) ਬੁੱਧ ਅਤੇ ਜੈਨ ਮਤ ਨੂੰ ਮੰਨਣ ਵਾਲੇ ਸ਼੍ਰਾਵਕਾਂ, ਕਰਮਕਾਂਡੀਆਂ, ਸਿੱਧਾਂ, ਜੋਗੀਆਂ ਅਤੇ ਜਤੀਆਂ ਦੇ ਸਿੱਧਾਂਤਿਕ ਵਿਚਾਰਾਂ (ਘਰਾਂ) ਨੂੰ ਘੋਖ ਲਿਆ ਹੈ;
ਸ਼ੂਰਵੀਰਾਂ, (ਦੇਵਤਿਆਂ ਦੇ ਵੈਰੀ) ਦੈਂਤਾਂ ਅਤੇ ਸ਼ੁੱਧ ਅੰਮ੍ਰਿਤ (ਸੁਧਾ) ਪਾਨ ਕਰਨ ਵਾਲੇ ਦੇਵਤਿਆਂ ਅਤੇ ਅਨੇਕ ਪ੍ਰਕਾਰ ਦੇ ਸੰਤਾਂ ਦੀਆਂ ਮੰਡਲੀਆਂ ਨੂੰ (ਤੁਰ ਫਿਰ ਕੇ ਵੇਖ ਲਿਆ ਹੈ);
ਸਾਰਿਆਂ ਦੇਸਾਂ ਦੇ ਮਤ-ਮਤਾਂਤਰਾਂ ਨੂੰ ਵੇਖ ਲਿਆ ਹੈ ਪਰ ਕੋਈ ਵੀ ਅਜਿਹਾ ਨਹੀਂ ਵੇਖਿਆ ਜੋ (ਸੱਚੇ ਅਰਥਾਂ ਵਿਚ) ਪਰਮਾਤਮਾ ਦਾ ਬਣਿਆ ਹੋਵੇ (ਅਰਥਾਤ ਅਧਿਆਤਮਿਕ ਕਰਤੱਵ ਪ੍ਰਤਿ ਸੁਚੇਤ ਹੋਵੇ)।
(ਸਚ ਤਾਂ ਇਹ ਹੈ ਕਿ) ਪਰਮਾਤਮਾ ਦੀ ਕ੍ਰਿਪਾ ਦੀ ਭਾਵਨਾ ਅਤੇ ਇਕ ਮਾਤਰ ਪ੍ਰੀਤ (ਰਤੀ ਤੋਂ ਬਿਨਾ) (ਇਹ ਸਾਰੇ) ਇਕ ਰਤੀ ਦੇ ਵੀ ਨਹੀਂ ਹਨ (ਅਰਥਾਤ ਤੁੱਛ ਹਨ) ॥੧॥੨੧॥
ਸੋਨੇ ਨਾਲ ਜੜ੍ਹੇ ਹੋਏ, ਉੱਚੇ ਅਕਾਰ ਪ੍ਰਕਾਰ ਵਾਲੇ ਸੰਧੂਰ ਨਾਲ ਸੰਵਾਰੇ ਹੋਏ ਅਨੂਪਮ ਮਸਤ ਹਾਥੀ ਹੋਣ;
ਹਿਰਨਾਂ ਵਾਂਗ ਕੁਦਣ ਅਤੇ ਪੌਣ ਦੀ ਤੇਜ਼ੀ ਨੂੰ ਵੀ ਪਿਛੇ ਛੱਡਣ ਵਾਲੇ ਕਰੋੜਾਂ ਘੋੜੇ ਹੋਣ;
(ਦੁਆਰ 'ਤੇ ਖੜੇ) ਵੱਡੀਆਂ ਭੁਜਾਵਾਂ ਵਾਲੇ ਰਾਜੇ ਚੰਗੀ ਤਰ੍ਹਾਂ ਨਾਲ ਸਿਰ ਨਿਵਾਉਂਦੇ ਹੋਣ, ਜਿਨ੍ਹਾਂ ਦੀ ਕਿ ਗਿਣਤੀ ਵੀ ਨਾ ਕੀਤੇ ਜਾ ਸਕਦੀ ਹੋਵੇ;
ਅਜਿਹੇ (ਪ੍ਰਤਾਪੀ) ਰਾਜਾ ਬਣ ਗਏ, ਤਾਂ ਕੀ ਹੋਇਆ, (ਕਿਉਂਕਿ) ਅੰਤ ਵਿਚ ਤਾਂ ਨੰਗੇ ਪੈਰੀਂ ਹੀ (ਇਸ ਸੰਸਾਰ ਤੋਂ) ਜਾਣਾ ਹੁੰਦਾ ਹੈ ॥੨॥੨੨॥
(ਜਿਨ੍ਹਾਂ ਨੇ) ਸਾਰੇ ਦੇਸ-ਦੇਸਾਂਤਰਾਂ ਨੂੰ ਜਿਤ ਲਿਆ ਹੋਵੇ ਅਤੇ ਜਿਨ੍ਹਾਂ ਦੇ (ਰਾਜਮਹੱਲ ਅਗੇ) ਢੋਲ, ਮ੍ਰਿਦੰਗ ਅਤੇ ਨਗਾਰੇ ਵਜਦੇ ਹੋਣ;
ਸੁੰਦਰ ਹਾਥੀਆਂ ਦੇ ਸਮੂਹ ਚਿੰਘਾੜਦੇ ਹੋਣ ਅਤੇ ਹਜ਼ਾਰਾਂ ਹੀ ਸ੍ਰੇਸ਼ਠ ਘੋੜੇ ਹਿਣਕਦੇ ਹੋਣ;
(ਅਜਿਹੇ ਮਹੱਤਵ ਵਾਲੇ) ਭੂਤ, ਭਵਿਖ ਅਤੇ ਵਰਤਮਾਨ ਤਿੰਨਾਂ ਕਾਲਾਂ ਵਿਚ ਇਤਨੇ ਰਾਜੇ ਹੋਏ ਹਨ ਕਿ ਜਿਨ੍ਹਾਂ ਨੂੰ ਵਿਚਾਰਿਆ ਨਹੀਂ ਜਾ ਸਕਦਾ (ਅਰਥਾਤ ਅਣਗਿਣਤ ਹਨ);
ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਸਿਮਰਨ ਤੋਂ ਬਿਨਾ ਅੰਤ ਨੂੰ ਯਮਰਾਜ ਦੇ ਘਰ ਚਲੇ ਗਏ ਹਨ ॥੩॥੨੩॥
(ਜੇ ਕੋਈ) ਤੀਰਥ ਇਸ਼ਨਾਨ, ਦਇਆ, ਦਾਨ, (ਵਿਕਾਰਾਂ ਤੋਂ ਬਚਣ ਦੇ) ਸੰਜਮ, ਨੇਮ ਅਤੇ ਹੋਰ ਅਨੇਕਾਂ ਵਿਸ਼ੇਸ਼ ਕਰਮ ਕਰਨ ਵਾਲੇ;
ਵੇਦਾਂ, ਪੁਰਾਣਾਂ, ਕਤੇਬਾਂ ਅਤੇ ਕੁਰਾਨ ਆਦਿ ਧਰਤੀ ਉਤੇ ਉਪਲਬਧ ਸਾਰਿਆਂ ਸਮਿਆਂ ਦੇ (ਧਰਮ ਗ੍ਰੰਥਾਂ ਨੂੰ) ਘੋਖਣ ਵਾਲੇ;
ਪੌਣ ਦਾ ਆਹਾਰ ਕਰਨ ਅਤੇ ਜਤ-ਸਤ ਧਾਰ ਕੇ ਜਤੀ ਬਣਨ ਵਾਲੇ ਹਜ਼ਾਰਾਂ ਹੀ ਵਿਚਾਰ ਪੂਰਵਕ ਵੇਖੇ ਹਨ;
ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਭਜਨ ਅਤੇ ਪ੍ਰੇਮ ('ਰਤੀ') ਤੋਂ ਬਿਨਾ ਰਾਜੇ ਵੀ (ਪਰਮਾਤਮਾ ਦੇ ਦੁਆਰ ਤੇ) ਪ੍ਰਵਾਨ ਨਹੀਂ ਹਨ ॥੪॥੨੪॥
ਚੰਗੀ ਸਿਖੀ ਹੋਈ ਫੌਜ ਜਿਸ ਦੇ ਸਾਰੇ ਸਿਪਾਹੀਆਂ (ਦੀ ਸ਼ਕਤੀ) ਦਾ ਕੋਈ ਅੰਤ ਨਾ ਹੋਵੇ ਅਤੇ ਜੋ ਕਵਚ ਸਜਾ ਕੇ ਵੈਰੀਆਂ ਨੂੰ ਦਲਣ ਵਾਲੇ ਹੋਣ;