ਤ੍ਵ ਪ੍ਰਸਾਦਿ ਸਵਯੇ (ਸ੍ਰਾਵਗ ਸੁਧ)

(ਅੰਗ: 2)


ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ ॥

ਉਹ (ਸ਼ੂਰਵੀਰ) ਆਪਣੇ ਮਨ ਵਿਚ ਭਾਰੀ ਗੁਮਾਨ ਭਰਨ ਵਾਲੇ ਹੋਣ ਕਿ ਪਰਬਤ ਭਾਵੇਂ ਖੰਭ ਲਾ ਕੇ (ਆਪਣੇ ਸਥਾਨ ਤੋਂ) ਹਿਲ ਜਾਣ, (ਪਰ ਉਹ ਯੋਧੇ ਰਣ ਵਿਚੋਂ) ਹਿਲਣ ਵਾਲੇ ਨਾ ਹੋਣ;

ਤੋਰਿ ਅਰੀਨ ਮਰੋਰਿ ਮਵਾਸਨ ਮਾਤੇ ਮਤੰਗਨਿ ਮਾਨ ਮਲੈਂਗੇ ॥

ਉਹ ਵੈਰੀਆਂ ਨੂੰ ਤੋੜਨ ਵਾਲੇ, ਬਾਗ਼ੀਆਂ ਨੂੰ ਮਰੋੜਨ ਵਾਲੇ ਅਤੇ ਮਸਤ ਹਾਥੀਆਂ ਦੀ ਮਸਤੀ ਨੂੰ ਮਲ ਸੁਟਣ ਵਾਲੇ ਹੋਣ;

ਸ੍ਰੀ ਪਤਿ ਸ੍ਰੀ ਭਗਵਾਨ ਕ੍ਰਿਪਾ ਬਿਨੁ ਤਿਆਗਿ ਜਹਾਨ ਨਿਦਾਨ ਚਲੈਂਗੇ ॥੫॥੨੫॥

ਪਰ ਮਾਇਆ ਦੇ ਸੁਆਮੀ ਪਰਮਾਤਮਾ ਦੀ ਕ੍ਰਿਪਾ ਤੋਂ ਬਿਨਾ (ਅਜਿਹੇ ਬਲਵਾਨ ਸੂਰਮੇ ਵੀ) ਅੰਤ ਵਿਚ ਸੰਸਾਰ ਨੂੰ ਤਿਆਗ ਕੇ ਚਲੇ ਜਾਣਗੇ ॥੫॥੨੫॥

ਬੀਰ ਅਪਾਰ ਬਡੇ ਬਰਿਆਰ ਅਬਿਚਾਰਹਿ ਸਾਰ ਕੀ ਧਾਰ ਭਛਯਾ ॥

ਅਪਾਰ ਸ਼ਕਤੀ ਵਾਲੇ ਸ਼ੂਰਵੀਰ ਅਤੇ ਬਹੁਤ ਬਲਵਾਨ ਜੋ ਬਿਨਾ ਵਿਚਾਰੇ (ਸੰਕੋਚ ਕੀਤੇ) ਸ਼ਸਤ੍ਰਾਂ ਦੀ ਧਾਰ ਨੂੰ ਸਹਾਰਦੇ ਹਨ;

ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਯਾ ॥

ਕਈ ਦੇਸਾਂ ਨੂੰ ਤੋੜਦੇ ਹਨ, ਬਾਗ਼ੀਆਂ ਨੂੰ ਦਲ ਦਿੰਦੇ ਹਨ ਅਤੇ ਮਸਤ ਹਾਥੀਆਂ ਦਾ ਹੰਕਾਰ ਮਲ ਦਿੰਦੇ ਹਨ;

ਗਾੜ੍ਹੇ ਗੜ੍ਹਾਨ ਕੋ ਤੋੜਨਹਾਰ ਸੁ ਬਾਤਨ ਹੀਂ ਚਕ ਚਾਰ ਲਵਯਾ ॥

ਜੋ ਦ੍ਰਿੜ੍ਹ ਕਿਲਿਆਂ ਨੂੰ ਤੋੜਨ ਵਾਲੇ ਹਨ ਅਤੇ ਗੱਲਾਂ ਵਿਚ ਹੀ ਜੋ ਚੌਹਾਂ ਚੱਕਾਂ ਨੂੰ ਜਿਤ ਲੈਣ ਦੀ ਸਮਰਥਾ ਰਖਦੇ ਹਨ;

ਸਾਹਿਬੁ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੁ ਏਕ ਦਿਵਯਾ ॥੬॥੨੬॥

ਪਰ ਮਾਇਆ ਦਾ ਸੁਆਮੀ ਪ੍ਰਭੂ ਉਨ੍ਹਾਂ ਸਭਨਾਂ ਦਾ ਮਾਲਕ ਹੈ, (ਉਸ ਦੇ ਦਰ ਤੇ) ਇਹ ਸਾਰੇ ਜਾਚਕ ਹਨ ਅਤੇ ਉਹ ਇਕ ਹੀ ਦੇਣ ਵਾਲਾ ਹੈ ॥੬॥੨੬॥

ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੈਂਗੇ ॥

ਦੈਂਤ, ਦੇਵ ਤੇ ਨਾਗ ਅਤੇ ਰਾਖਸ਼ ਵੀ ਜਿਸ ਨੂੰ ਤਿੰਨਾਂ ਕਾਲਾਂ (ਭੂਤ, ਭਵਿਖ, ਵਰਤਮਾਨ) ਵਿਚ ਜਪਦੇ ਹਨ;

ਜੀਵ ਜਿਤੇ ਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪ ਥਪੈਂਗੇ ॥

ਜੋ ਪਲ ਹੀ ਪਲ ਵਿਚ ਜਲ-ਥਲ ਦੇ ਸਾਰੇ ਜੀਵਾਂ ਦੀ ਸਥਾਪਨਾ ਕਰ ਦਿੰਦਾ ਹੈ;

ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ॥

ਜਿਸ ਦੇ ਸਿਮਰਨ ਨਾਲ ਪੁੰਨਾਂ ਦੀ ਪ੍ਰਚੰਡਤਾ ਵਧ ਜਾਂਦੀ ਹੈ ਅਤੇ ਜਿਸ ਦੇ ਜੈਘੋਸ਼ ਨੂੰ ਸੁਣ ਕੇ ਪਾਪਾਂ ਦੇ ਸਮੂਹ ਨਸ਼ਟ ਹੋ ਜਾਂਦੇ ਹਨ;

ਸਾਧ ਸਮੂਹ ਪ੍ਰਸੰਨ ਫਿਰੈਂ ਜਗ ਸਤ੍ਰ ਸਭੈ ਅਵਲੋਕ ਚਪੈਂਗੇ ॥੭॥੨੭॥

(ਉਸ ਦੇ ਪ੍ਰਤਾਪ ਨੂੰ) ਵੇਖ ਕੇ ਸਾਰੇ ਸੰਤ ਜਗਤ ਵਿਚ ਪ੍ਰਸੰਨਤਾ-ਪੂਰਵਕ ਫਿਰਦੇ ਹਨ ਅਤੇ ਉਨ੍ਹਾਂ ਨੂੰ ਵੇਖ ਕੇ ਵੈਰੀ ਲੋਕ ਨਸ਼ਟ ਹੋ ਜਾਂਦੇ ਹਨ ॥੭॥੨੭॥

ਮਾਨਵ ਇੰਦ੍ਰ ਗਜਿੰਦ੍ਰ ਨਰਾਧਪ ਜੌਨ ਤ੍ਰਿਲੋਕ ਕੋ ਰਾਜੁ ਕਰੈਂਗੇ ॥

ਜੋ ਮਨੁੱਖ, ਇੰਦਰ, ਗਜਿੰਦਰ, ਕੁਬੇਰ ਵਾਂਗ ਤਿੰਨ ਲੋਕਾਂ ਉਤੇ ਰਾਜ ਕਰਦੇ ਹਨ;

ਕੋਟਿ ਇਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜਿ ਬਰੈਂਗੇ ॥

ਜੋ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰਕੇ ਹਾਥੀ ਆਦਿ ਦਾਨ ਕਰਦੇ ਹਨ ਅਤੇ ਅਨੇਕ ਸੁਅੰਬਰਾਂ ਦੀ ਵਿਵਸਥਾ ਕਰ ਕੇ (ਇਸਤਰੀਆਂ ਨੂੰ) ਵਰਦੇ ਹਨ;

ਬ੍ਰਹਮ ਮਹੇਸਰ ਬਿਸਨ ਸਚੀਪਤਿ ਅੰਤ ਫਸੇ ਜਮ ਫਾਸ ਪਰੈਂਗੇ ॥

ਪਰ ਜੇ ਉਹ ਬ੍ਰਹਮਾ, ਮਹੇਸ਼ ਅਤੇ ਵਿਸ਼ਣੂ ਅਤੇ ਇੰਦਰ (ਸਚੀ-ਪਤੀ) (ਦਾ ਧਿਆਨ ਧਰਦੇ ਹਨ, ਤਾਂ) ਅੰਤ ਵਿਚ ਜਮਰਾਜ ਦੇ ਫੰਧੇ ਵਿਚ ਫਸਦੇ ਹਨ;

ਜੇ ਨਰ ਸ੍ਰੀ ਪਤਿ ਕੇ ਪ੍ਰਸ ਹੈਂ ਪਗ ਤੇ ਨਰ ਫੇਰ ਨ ਦੇਹ ਧਰੈਂਗੇ ॥੮॥੨੮॥

ਜਿਹੜੇ ਪੁਰਸ਼ ਮਾਇਆ ਦੇ ਸੁਆਮੀ ਪਰਮਾਤਮਾ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਦੇ ਹਨ, ਉਹ ਮਨੁੱਖ ਫਿਰ ਦੇਹ ਧਾਰਨ ਨਹੀਂ ਕਰਨਗੇ (ਭਾਵ ਆਵਾਗਵਣ ਦੇ ਚੱਕਰ ਤੋਂ ਮੁਕਤ ਹੋ ਜਾਣਗੇ) ॥੮॥੨੮॥

ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ ॥

ਕੀ ਹੋਇਆ ਜੇ ਕੋਈ ਦੋਵੇਂ ਅੱਖਾਂ ਬੰਦ ਕਰ ਕੇ ਬੈਠ ਗਿਆ ਅਤੇ ਬਗਲੇ ਵਾਂਗ ਧਿਆਨ ਲਗਾ ਲਿਆ;

ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ ਲੋਕ ਗਯੋ ਪਰਲੋਕ ਗਵਾਇਓ ॥

ਜੇ ਕੋਈ (ਉਮਰ ਭਰ) ਸੱਤ ਸਮੁੰਦਰਾਂ ਵਿਚ ਇਸ਼ਨਾਨ ਕਰਦਾ ਫਿਰਿਆ (ਤਾਂ ਇਹ ਸਮਝ ਲਿਆ ਜਾਵੇ ਕਿ) ਉਸ ਦਾ ਲੋਕ ਵੀ ਗਿਆ ਅਤੇ ਪਰਲੋਕ ਵੀ (ਉਸ ਨੇ) ਗੰਵਾਂ ਲਿਆ;

ਬਾਸ ਕੀਓ ਬਿਖਿਆਨ ਸੋਂ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ ॥

ਬਾਨ-ਪ੍ਰਸਤੀ (ਬਿਖਿਆਨ-ਵੈਖਾਨਸ) ਹੋ ਕੇ ਜੰਗਲਾਂ ਵਿਚ ਨਿਵਾਸ ਕੀਤਾ, ਉਨ੍ਹਾਂ ਨੇ ਵੀ ਇਸ ਤਰ੍ਹਾਂ ਆਪਣੀ ਸਾਰੀ ਉਮਰ (ਵਿਅਰਥ ਵਿਚ) ਬਿਤਾ ਦਿੱਤੀ;

ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥

(ਮੈਂ) ਸਚ ਕਹਿੰਦਾ ਹਾਂ, ਸਾਰੇ (ਧਿਆਨ ਨਾਲ) ਸੁਣ ਲਵੋ ਕਿ ਜਿੰਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਦਾ ਸੰਬੰਧ ਜੋੜਿਆ ਹੈ, ਉਨ੍ਹਾਂ ਨੇ ਹੀ ਉਸ ਨੂੰ ਪ੍ਰਾਪਤ ਕੀਤਾ ਹੈ ॥੯॥੨੯॥

ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ॥

ਕਿਸੇ ਨੇ ਸਾਲਗ੍ਰਾਮ ਨੂੰ ਪੂਜ ਕੇ ਸਿਰ ਉਤੇ ਧਾਰਨ ਕਰ ਲਿਆ ਹੈ ਅਤੇ ਕਿਸੇ ਨੇ ਸ਼ਿਵਲਿੰਗ ਲੈ ਕੇ ਗਲੇ ਵਿਚ ਲਟਕਾ ਲਿਆ ਹੈ;

Flag Counter