ਤ੍ਵ ਪ੍ਰਸਾਦਿ ਸਵਯੇ (ਸ੍ਰਾਵਗ ਸੁਧ)

(ਅੰਗ: 1)


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਾਤਿਸਾਹੀ ੧੦ ॥

ਤ੍ਵ ਪ੍ਰਸਾਦਿ ॥ ਸਵਯੇ ॥

ਤੇਰੀ ਕ੍ਰਿਪਾ ਨਾਲ: ਸ੍ਵੈਯੇ:

ਸ੍ਰਾਵਗ ਸੁਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗ ਜਤੀ ਕੇ ॥

(ਹੇ ਪ੍ਰਭੂ! ਮੈਂ) ਬੁੱਧ ਅਤੇ ਜੈਨ ਮਤ ਨੂੰ ਮੰਨਣ ਵਾਲੇ ਸ਼੍ਰਾਵਕਾਂ, ਕਰਮਕਾਂਡੀਆਂ, ਸਿੱਧਾਂ, ਜੋਗੀਆਂ ਅਤੇ ਜਤੀਆਂ ਦੇ ਸਿੱਧਾਂਤਿਕ ਵਿਚਾਰਾਂ (ਘਰਾਂ) ਨੂੰ ਘੋਖ ਲਿਆ ਹੈ;

ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ॥

ਸ਼ੂਰਵੀਰਾਂ, (ਦੇਵਤਿਆਂ ਦੇ ਵੈਰੀ) ਦੈਂਤਾਂ ਅਤੇ ਸ਼ੁੱਧ ਅੰਮ੍ਰਿਤ (ਸੁਧਾ) ਪਾਨ ਕਰਨ ਵਾਲੇ ਦੇਵਤਿਆਂ ਅਤੇ ਅਨੇਕ ਪ੍ਰਕਾਰ ਦੇ ਸੰਤਾਂ ਦੀਆਂ ਮੰਡਲੀਆਂ ਨੂੰ (ਤੁਰ ਫਿਰ ਕੇ ਵੇਖ ਲਿਆ ਹੈ);

ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨ ਦੇਖੀਅਤ ਪ੍ਰਾਨਪਤੀ ਕੇ ॥

ਸਾਰਿਆਂ ਦੇਸਾਂ ਦੇ ਮਤ-ਮਤਾਂਤਰਾਂ ਨੂੰ ਵੇਖ ਲਿਆ ਹੈ ਪਰ ਕੋਈ ਵੀ ਅਜਿਹਾ ਨਹੀਂ ਵੇਖਿਆ ਜੋ (ਸੱਚੇ ਅਰਥਾਂ ਵਿਚ) ਪਰਮਾਤਮਾ ਦਾ ਬਣਿਆ ਹੋਵੇ (ਅਰਥਾਤ ਅਧਿਆਤਮਿਕ ਕਰਤੱਵ ਪ੍ਰਤਿ ਸੁਚੇਤ ਹੋਵੇ)।

ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂ ਤੇ ਏਕ ਰਤੀ ਬਿਨੁ ਏਕ ਰਤੀ ਕੇ ॥੧॥੨੧॥

(ਸਚ ਤਾਂ ਇਹ ਹੈ ਕਿ) ਪਰਮਾਤਮਾ ਦੀ ਕ੍ਰਿਪਾ ਦੀ ਭਾਵਨਾ ਅਤੇ ਇਕ ਮਾਤਰ ਪ੍ਰੀਤ (ਰਤੀ ਤੋਂ ਬਿਨਾ) (ਇਹ ਸਾਰੇ) ਇਕ ਰਤੀ ਦੇ ਵੀ ਨਹੀਂ ਹਨ (ਅਰਥਾਤ ਤੁੱਛ ਹਨ) ॥੧॥੨੧॥

ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ॥

ਸੋਨੇ ਨਾਲ ਜੜ੍ਹੇ ਹੋਏ, ਉੱਚੇ ਅਕਾਰ ਪ੍ਰਕਾਰ ਵਾਲੇ ਸੰਧੂਰ ਨਾਲ ਸੰਵਾਰੇ ਹੋਏ ਅਨੂਪਮ ਮਸਤ ਹਾਥੀ ਹੋਣ;

ਕੋਟ ਤੁਰੰਗ ਕੁਰੰਗ ਸੇ ਕੂਦਤ ਪਉਨ ਕੇ ਗਉਨ ਕੋ ਜਾਤ ਨਿਵਾਰੇ ॥

ਹਿਰਨਾਂ ਵਾਂਗ ਕੁਦਣ ਅਤੇ ਪੌਣ ਦੀ ਤੇਜ਼ੀ ਨੂੰ ਵੀ ਪਿਛੇ ਛੱਡਣ ਵਾਲੇ ਕਰੋੜਾਂ ਘੋੜੇ ਹੋਣ;

ਭਾਰੀ ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ ਸੀਸ ਨ ਜਾਤ ਬਿਚਾਰੇ ॥

(ਦੁਆਰ 'ਤੇ ਖੜੇ) ਵੱਡੀਆਂ ਭੁਜਾਵਾਂ ਵਾਲੇ ਰਾਜੇ ਚੰਗੀ ਤਰ੍ਹਾਂ ਨਾਲ ਸਿਰ ਨਿਵਾਉਂਦੇ ਹੋਣ, ਜਿਨ੍ਹਾਂ ਦੀ ਕਿ ਗਿਣਤੀ ਵੀ ਨਾ ਕੀਤੇ ਜਾ ਸਕਦੀ ਹੋਵੇ;

ਏਤੇ ਭਏ ਤੁ ਕਹਾ ਭਏ ਭੂਪਤਿ ਅੰਤ ਕੋ ਨਾਂਗੇ ਹੀ ਪਾਂਇ ਪਧਾਰੇ ॥੨॥੨੨॥

ਅਜਿਹੇ (ਪ੍ਰਤਾਪੀ) ਰਾਜਾ ਬਣ ਗਏ, ਤਾਂ ਕੀ ਹੋਇਆ, (ਕਿਉਂਕਿ) ਅੰਤ ਵਿਚ ਤਾਂ ਨੰਗੇ ਪੈਰੀਂ ਹੀ (ਇਸ ਸੰਸਾਰ ਤੋਂ) ਜਾਣਾ ਹੁੰਦਾ ਹੈ ॥੨॥੨੨॥

ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ ॥

(ਜਿਨ੍ਹਾਂ ਨੇ) ਸਾਰੇ ਦੇਸ-ਦੇਸਾਂਤਰਾਂ ਨੂੰ ਜਿਤ ਲਿਆ ਹੋਵੇ ਅਤੇ ਜਿਨ੍ਹਾਂ ਦੇ (ਰਾਜਮਹੱਲ ਅਗੇ) ਢੋਲ, ਮ੍ਰਿਦੰਗ ਅਤੇ ਨਗਾਰੇ ਵਜਦੇ ਹੋਣ;

ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈਂ ਹਯਰਾਜ ਹਜਾਰੇ ॥

ਸੁੰਦਰ ਹਾਥੀਆਂ ਦੇ ਸਮੂਹ ਚਿੰਘਾੜਦੇ ਹੋਣ ਅਤੇ ਹਜ਼ਾਰਾਂ ਹੀ ਸ੍ਰੇਸ਼ਠ ਘੋੜੇ ਹਿਣਕਦੇ ਹੋਣ;

ਭੂਤ ਭਵਿਖ ਭਵਾਨ ਕੇ ਭੂਪਤ ਕਉਨੁ ਗਨੈ ਨਹੀਂ ਜਾਤ ਬਿਚਾਰੇ ॥

(ਅਜਿਹੇ ਮਹੱਤਵ ਵਾਲੇ) ਭੂਤ, ਭਵਿਖ ਅਤੇ ਵਰਤਮਾਨ ਤਿੰਨਾਂ ਕਾਲਾਂ ਵਿਚ ਇਤਨੇ ਰਾਜੇ ਹੋਏ ਹਨ ਕਿ ਜਿਨ੍ਹਾਂ ਨੂੰ ਵਿਚਾਰਿਆ ਨਹੀਂ ਜਾ ਸਕਦਾ (ਅਰਥਾਤ ਅਣਗਿਣਤ ਹਨ);

ਸ੍ਰੀ ਪਤਿ ਸ੍ਰੀ ਭਗਵਾਨ ਭਜੇ ਬਿਨੁ ਅੰਤ ਕਉ ਅੰਤ ਕੇ ਧਾਮ ਸਿਧਾਰੇ ॥੩॥੨੩॥

ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਸਿਮਰਨ ਤੋਂ ਬਿਨਾ ਅੰਤ ਨੂੰ ਯਮਰਾਜ ਦੇ ਘਰ ਚਲੇ ਗਏ ਹਨ ॥੩॥੨੩॥

ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੈ ॥

(ਜੇ ਕੋਈ) ਤੀਰਥ ਇਸ਼ਨਾਨ, ਦਇਆ, ਦਾਨ, (ਵਿਕਾਰਾਂ ਤੋਂ ਬਚਣ ਦੇ) ਸੰਜਮ, ਨੇਮ ਅਤੇ ਹੋਰ ਅਨੇਕਾਂ ਵਿਸ਼ੇਸ਼ ਕਰਮ ਕਰਨ ਵਾਲੇ;

ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ॥

ਵੇਦਾਂ, ਪੁਰਾਣਾਂ, ਕਤੇਬਾਂ ਅਤੇ ਕੁਰਾਨ ਆਦਿ ਧਰਤੀ ਉਤੇ ਉਪਲਬਧ ਸਾਰਿਆਂ ਸਮਿਆਂ ਦੇ (ਧਰਮ ਗ੍ਰੰਥਾਂ ਨੂੰ) ਘੋਖਣ ਵਾਲੇ;

ਪਉਨ ਅਹਾਰ ਜਤੀ ਜਤ ਧਾਰ ਸਬੈ ਸੁ ਬਿਚਾਰ ਹਜਾਰ ਕ ਦੇਖੈ ॥

ਪੌਣ ਦਾ ਆਹਾਰ ਕਰਨ ਅਤੇ ਜਤ-ਸਤ ਧਾਰ ਕੇ ਜਤੀ ਬਣਨ ਵਾਲੇ ਹਜ਼ਾਰਾਂ ਹੀ ਵਿਚਾਰ ਪੂਰਵਕ ਵੇਖੇ ਹਨ;

ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਨ ਲੇਖੈ ॥੪॥੨੪॥

ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਭਜਨ ਅਤੇ ਪ੍ਰੇਮ ('ਰਤੀ') ਤੋਂ ਬਿਨਾ ਰਾਜੇ ਵੀ (ਪਰਮਾਤਮਾ ਦੇ ਦੁਆਰ ਤੇ) ਪ੍ਰਵਾਨ ਨਹੀਂ ਹਨ ॥੪॥੨੪॥

ਸੁਧ ਸਿਪਾਹ ਦੁਰੰਤ ਦੁਬਾਹ ਸੁ ਸਾਜ ਸਨਾਹ ਦੁਰਜਾਨ ਦਲੈਂਗੇ ॥

ਚੰਗੀ ਸਿਖੀ ਹੋਈ ਫੌਜ ਜਿਸ ਦੇ ਸਾਰੇ ਸਿਪਾਹੀਆਂ (ਦੀ ਸ਼ਕਤੀ) ਦਾ ਕੋਈ ਅੰਤ ਨਾ ਹੋਵੇ ਅਤੇ ਜੋ ਕਵਚ ਸਜਾ ਕੇ ਵੈਰੀਆਂ ਨੂੰ ਦਲਣ ਵਾਲੇ ਹੋਣ;

Flag Counter