ਆਸਾਵਰੀ ਮਹਲਾ ੫ ॥

ਏਕਾ ਓਟ ਗਹੁ ਹਾਂ ॥

ਹੇ ਮੇਰੇ ਮਨ! ਇਕ ਪਰਮਾਤਮਾ ਦਾ ਪੱਲਾ ਫੜ,

ਗੁਰ ਕਾ ਸਬਦੁ ਕਹੁ ਹਾਂ ॥

ਸਦਾ ਗੁਰੂ ਦੀ ਬਾਣੀ ਉਚਾਰਦਾ ਰਹੁ।

ਆਗਿਆ ਸਤਿ ਸਹੁ ਹਾਂ ॥

ਪਰਮਾਤਮਾ ਦੀ ਰਜ਼ਾ ਨੂੰ ਮਿੱਠੀ ਕਰ ਕੇ ਮੰਨ।

ਮਨਹਿ ਨਿਧਾਨੁ ਲਹੁ ਹਾਂ ॥

ਆਪਣੇ ਮਨ ਵਿਚ ਵੱਸਦੇ ਸਾਰੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲੈ।

ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ ॥

ਹੇ ਮੇਰੇ ਮਨ! (ਇਸ ਤਰ੍ਹਾਂ ਸਦਾ) ਆਤਮਕ ਆਨੰਦ ਵਿਚ ਲੀਨ ਰਹੀਦਾ ਹੈ ॥੧॥ ਰਹਾਉ ॥

ਜੀਵਤ ਜੋ ਮਰੈ ਹਾਂ ॥

ਜੇਹੜਾ ਮਨੁੱਖ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦਾ ਹੈ,

ਦੁਤਰੁ ਸੋ ਤਰੈ ਹਾਂ ॥

ਉਹ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ,

ਸਭ ਕੀ ਰੇਨੁ ਹੋਇ ਹਾਂ ॥

ਜੇ ਉਹ ਮਨੁੱਖ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹਿੰਦਾ ਹੈ।

ਨਿਰਭਉ ਕਹਉ ਸੋਇ ਹਾਂ ॥

ਜੇ ਮੈਂ ਭੀ ਉਸ ਨਿਰਭਉ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਾਂ,

ਮਿਟੇ ਅੰਦੇਸਿਆ ਹਾਂ ॥

ਤਾਂ ਮੇਰੇ ਸਾਰੇ ਚਿੰਤਾ ਫ਼ਿਕਰ ਮਿਟ ਜਾਣਗੇ।

ਸੰਤ ਉਪਦੇਸਿਆ ਮੇਰੇ ਮਨਾ ॥੧॥

ਹੇ ਮੇਰੇ ਮਨ! (ਆਖ!) ਤੈਨੂੰ ਸਤਿਗੁਰੂ ਦੀ ਇਹ ਸਿੱਖਿਆ ਪ੍ਰਾਪਤ ਹੋ ਜਾਵੇ ॥੧॥

ਜਿਸੁ ਜਨ ਨਾਮ ਸੁਖੁ ਹਾਂ ॥

ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ,

ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥

ਕਦੇ ਕੋਈ ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ।

ਜੋ ਹਰਿ ਹਰਿ ਜਸੁ ਸੁਨੇ ਹਾਂ ॥

ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਸੁਣਦਾ ਰਹਿੰਦਾ ਹੈ,

ਸਭੁ ਕੋ ਤਿਸੁ ਮੰਨੇ ਹਾਂ ॥

(ਦੁਨੀਆ ਵਿਚ) ਹਰੇਕ ਮਨੁੱਖ ਉਸ ਦਾ ਆਦਰ-ਸਤਕਾਰ ਕਰਦਾ ਹੈ।

ਸਫਲੁ ਸੁ ਆਇਆ ਹਾਂ ॥

ਜਗਤ ਵਿਚ ਜੰਮਿਆ ਹੋਇਆ ਉਹੀ ਮਨੁੱਖ ਕਾਮਯਾਬ ਜੀਵਨ ਵਾਲਾ ਹੈ,

ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥

ਹੇ ਨਾਨਕ! (ਆਖ-) ਹੇ ਮੇਰੇ ਮਨ! ਜੇਹੜਾ ਪਰਮਾਤਮਾ ਨੂੰ ਪਿਆਰਾ ਲੱਗ ਗਿਆ ਹੈ ॥੨॥੪॥੧੬੦॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਆਸਾ
ਲਿਖਾਰੀ: ਗੁਰੂ ਅਰਜਨ ਦੇਵ ਜੀ
ਅੰਗ: 410
ਲੜੀ ਸੰਃ: 2 - 6

ਰਾਗੁ ਆਸਾ

ਰਾਗ ਆਸਾ ਸੰਪੂਰਨ ਸੁਰਾਂ ਵਾਲਾ ਪੰਜਾਬ ਦਾ ਪ੍ਰਸਿੱਧ ਲੋਕ ਰਾਗ ਹੈ। ਇਹ ਬਿਲਾਵਲ ਥਾਟ ਦਾ ਰਾਗ ਹੈ ਜਿਸ ਵਿੱਚ ਮੱਧਮ (ਮਾ) ਵਾਦੀ ਅਤੇ ਸ਼ੜਜ (ਸਾ) ਸੰਵਾਦੀ ਹੈ। ਆਰੋਹੀ ਵਿੱਚ ਗੰਧਾਰ ਅਤੇ ਨਿਸ਼ਾਧ ਸਵਰ ਵਰਜਿਤ ਹਨ। ਇਸ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਹੀ ਮੰਨੀ ਜਾਂਦੀ ਹੈ ਭਾਵ ਆਰੋਹੀ ਕ੍ਰਮ ਵਿਚ ਸਪਤਕ ਦੇ ਪੰਜ ਸਵਰ ਤੇ ਅਵਰੋਹੀ ਕ੍ਰਮ ਵਿਚ ਸੱਤ ਸਵਰ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦੇ ਗਾਇਨ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼ ਦਾ ਸਮਾਂ ਹੈ।