(ਮੁਸਲਮਾਨਾਂ ਦੀਆਂ ਪੰਜ ਨਿਮਾਜ਼ਾਂ ਹਨ, (ਉਹਨਾਂ ਦੇ) ਪੰਜ ਵਕਤ ਹਨ ਤੇ ਪੰਜਾਂ ਹੀ ਨਿਮਾਜ਼ਾਂ ਦੇ (ਵਖੋ ਵਖਰੇ) ਪੰਜ ਨਾਮ।
(ਪਰ ਅਸਾਡੇ ਮਤ ਵਿਚ ਅਸਲ ਨਿਮਾਜ਼ਾਂ ਇਉਂ ਹਨ-) ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਮ ਹੈ (ਭਾਵ, ਸਵੇਰ ਦੀ ਪਹਿਲੀ ਨਿਮਾਜ਼ ਹੈ), ਹੱਕ ਦੀ ਕਮਾਈ ਦੂਜੀ ਨਮਾਜ਼ ਹੈ, ਰੱਬ ਤੋਂ ਸਭ ਦਾ ਭਲਾ ਮੰਗਣਾ ਨਿਮਾਜ਼ ਦਾ ਤੀਜਾ ਨਾਮ ਹੈ।
ਨੀਅਤਿ ਨੂੰ ਸਾਫ਼ ਕਰਨਾ ਮਨ ਨੂੰ ਸਾਫ਼ ਰੱਖਣਾ ਇਹ ਚਉਥੀ ਨਿਮਾਜ਼ ਹੈ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਹੈ।
(ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ) ਉੱਚਾ ਆਚਰਣ ਬਨਾਣ-ਰੂਪ ਕਲਮਾ ਪੜ੍ਹੇ ਤਾਂ (ਆਪਣੇ ਆਪ ਨੂੰ) ਮੁਸਲਮਾਨ ਅਖਵਾਏ (ਭਾਵ, ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ)।
ਹੇ ਨਾਨਕ! (ਇਹਨਾਂ ਨਮਾਜ਼ਾਂ ਤੇ ਕਲਮੇ ਤੋਂ ਖੁੰਝੇ ਹੋਏ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇ ਕੂੜੇ ਦੀ ਇੱਜ਼ਤ ਭੀ ਕੂੜੀ ਹੀ ਹੁੰਦੀ ਹੈ ॥੩॥
ਰਾਗ ਮਾਝ ਨੂੰ ਪੰਜਵੇਂ ਸਿੱਖ ਗੁਰੂ (ਸ਼੍ਰੀ ਗੁਰੂ ਅਰਜਨ ਦੇਵ ਜੀ) ਦੁਆਰਾ ਰਚਨਾ ਕੀਤੀ। ਇਹ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਕ੍ਰਮ ਅਨੁਸਾਰ ਦੂਸਰਾ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ 183 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 94 ਤੋਂ ਪੰਨਾ 150 ਤੱਕ, ਰਾਗ ਮਾਝ ਵਿੱਚ ਦਰਜ ਹਨ। ਇਸ ਨੂੰ ਗਾਉਣ ਦਾ ਸਮਾਂ ਸ਼ਾਮ 3 ਵਜੇ ਤੋਂ ਸ਼ਾਮ 6 ਵਜੇ ਤੱਕ (ਚੌਥਾ ਪਹਿਰ) ਹੈ।