ਮੈਂ (ਆਪਣੇ ਆਪ ਨੂੰ) ਆਪਣੇ ਗੁਰੂ ਤੋਂ ਸਦਕੇ ਕਰਦਾ ਹਾਂ, ਕਿਉਂਕਿ ਇਹ ਸਾਰੀਆਂ ਬਰਕਤਾਂ ਗੁਰੂ ਦੀਆਂ ਹੀ ਹਨ।
ਨਾਨਕ ਆਖਦਾ ਹੈ ਕਿ ਹੇ ਸੰਤ ਜਨੋ! (ਗੁਰੂ ਦਾ ਸ਼ਬਦ) ਸੁਣੋ, ਗੁਰੂ ਦੇ ਸ਼ਬਦ ਵਿਚ ਪਿਆਰ ਬਣਾਓ।
(ਸਤਿਗੁਰੂ ਦੀ ਮੇਹਰ ਨਾਲ ਹੀ ਪ੍ਰਭੂ ਦਾ) ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ ॥੪॥
ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ,
ਜਿਸ (ਹਿਰਦੇ-) ਘਰ ਵਿਚ (ਹੇ ਪ੍ਰਭੂ! ਤੂੰ) ਸੱਤਿਆ ਪਾਈ ਹੈ, ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ (ਭਾਵ, ਉਸ ਹਿਰਦੇ ਵਿਚ ਪੂਰਨ ਆਨੰਦ ਬਣ ਜਾਂਦਾ ਹੈ),
(ਹੇ ਪ੍ਰਭੂ!) ਉਸ ਦੇ ਪੰਜੇ ਕਾਮਾਦਿਕ ਵੈਰੀ ਤੂੰ ਕਾਬੂ ਵਿਚ ਕਰ ਦੇਂਦਾ ਹੈਂ, ਤੇ ਡਰਾਣ ਵਾਲਾ ਕਾਲ (ਭਾਵ, ਮੌਤ ਦਾ ਡਰ) ਦੂਰ ਕਰ ਦੇਂਦਾ ਹੈਂ।
ਪਰ ਸਿਰਫ਼ ਉਹੀ ਮਨੁੱਖ ਹਰਿ-ਨਾਮ ਵਿਚ ਜੁੜਦੇ ਹਨ ਜਿਨ੍ਹਾਂ ਦੇ ਭਾਗਾਂ ਵਿਚ ਤੂੰ ਧੁਰ ਤੋਂ ਹੀ ਆਪਣੀ ਮੇਹਰ ਨਾਲ (ਸਿਮਰਨ ਦਾ ਲੇਖ ਲਿਖ ਕੇ) ਰੱਖ ਦਿੱਤਾ ਹੈ।
ਨਾਨਕ ਆਖਦਾ ਹੈ ਕਿ ਉਸ ਹਿਰਦੇ-ਘਰ ਵਿਚ ਸੁਖ ਪੈਦਾ ਹੁੰਦਾ ਹੈ, ਉਸ ਹਿਰਦੇ ਵਿਚ (ਮਾਨੋ) ਇਕ-ਰਸ (ਵਾਜੇ) ਵੱਜਦੇ ਹਨ ॥੫॥
ਹੇ ਵੱਡੇ ਭਾਗਾਂ ਵਾਲਿਓ! ਸੁਣੋ, ਆਨੰਦ ਇਹ ਹੈ ਕਿ (ਉਸ ਅਵਸਥਾ ਵਿਚ) ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਹਨ (ਸਾਰੇ ਸੰਕਲਪ ਸਿਰੇ ਚੜ੍ਹ ਜਾਂਦੇ ਹਨ),
ਪਰਮ ਆਤਮਾ ਪ੍ਰਭੂ ਮਿਲ ਪੈਂਦਾ ਹੈ, ਸਾਰੇ ਚਿੰਤਾ-ਝੌਰੇ ਮਨ ਤੋਂ ਲਹਿ ਜਾਂਦੇ ਹਨ।
ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਿਆਂ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਹਨ।
ਜੇਹੜੇ ਸੰਤ ਗੁਰਮੁਖਿ ਪੂਰੇ ਗੁਰੂ ਤੋਂ ਸਿਫ਼ਤ-ਸਾਲਾਹ ਦੀ ਬਾਣੀ ਨਾਲ ਸਾਂਝੀ ਪਾਣੀ ਸਿੱਖ ਲੈਂਦੇ ਹਨ ਉਹਨਾਂ ਦੇ ਹਿਰਦੇ ਖਿੜ ਆਉਂਦੇ ਹਨ।
ਇਸ ਬਾਣੀ ਨੂੰ ਸੁਣਨ ਵਾਲੇ ਉਚਾਰਨ ਵਾਲੇ ਸਭ ਪਵਿਤ੍ਰ-ਆਤਮਕ ਹੋ ਜਾਂਦੇ ਹਨ, ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਦਿੱਸਦਾ ਹੈ।
ਨਾਨਕ ਬੇਨਤੀ ਕਰਦਾ ਹੈ-ਜੇਹੜੇ ਬੰਦੇ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਅੰਦਰ ਇਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਪੈਂਦੇ ਹਨ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ) ॥੪੦॥੧॥
ਸਲੋਕੁ
ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ। ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।
ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿਚ ਅਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ)।
ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ।
ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ।
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ।