ਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਅਨੰਦ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ ਮਾਂ! (ਮੇਰੇ ਅੰਦਰ) ਪੂਰਨ ਖਿੜਾਉ ਪੈਦਾ ਹੋ ਗਿਆ ਹੈ (ਕਿਉਂਕਿ) ਮੈਨੂੰ ਗੁਰੂ ਮਿਲ ਪਿਆ ਹੈ।
ਮੈਨੂੰ ਗੁਰੂ ਮਿਲਿਆ ਹੈ, ਤੇ ਨਾਲ ਹੀ ਅਡੋਲ ਅਵਸਥਾ ਭੀ ਪ੍ਰਾਪਤ ਹੋ ਗਈ ਹੈ (ਭਾਵ, ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ); ਮੇਰੇ ਮਨ ਵਿਚ (ਮਾਨੋ) ਖ਼ੁਸ਼ੀ ਦੇ ਵਾਜੇ ਵੱਜ ਪਏ ਹਨ,
ਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ (ਮੇਰੇ ਮਨ ਵਿਚ, ਮਾਨੋ,) ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਵਣ ਆ ਗਏ ਹਨ।
(ਤੁਸੀ ਭੀ) ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵੋ। ਜਿਨ੍ਹਾਂ ਜਿਨ੍ਹਾਂ ਨੇ ਸਿਫ਼ਤ-ਸਾਲਾਹ ਦਾ ਸ਼ਬਦ ਮਨ ਵਿਚ ਵਸਾਇਆ ਹੈ (ਉਹਨਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ)।
ਨਾਨਕ ਆਖਦਾ ਹੈ (ਮੇਰੇ ਅੰਦਰ ਭੀ) ਆਨੰਦ ਬਣ ਗਿਆ ਹੈ (ਕਿਉਂਕਿ) ਮੈਨੂੰ ਸਤਿਗੁਰੂ ਮਿਲ ਪਿਆ ਹੈ ॥੧॥
ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਨਾਲ (ਜੁੜਿਆ) ਰਹੁ।
ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਨੂੰ ਯਾਦ ਰੱਖ।
ਉਹ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ।
ਉਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਸਾਰੇ ਕੰਮ ਸਿਰੇ ਚਾੜ੍ਹਨ ਦੇ ਸਮਰੱਥ ਹੈ।
ਉਸ ਮਾਲਕ ਨੂੰ ਕਿਉਂ (ਆਪਣੇ) ਮਨ ਤੋਂ ਭੁਲਾਂਦਾ ਹੈਂ ਜੋ ਸਾਰੇ ਕੰਮ ਕਰਨ-ਜੋਗਾ ਹੈ? ਨਾਨਕ ਆਖਦਾ ਹੈ ਕਿ ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ॥੨॥
ਹੇ ਸਦਾ ਕਾਇਮ ਰਹਿਣ ਵਾਲੇ ਮਾਲਕ (-ਪ੍ਰਭੂ)! (ਮੈਂ ਤੇਰੇ ਦਰ ਤੋਂ ਮਨ ਦਾ ਆਨੰਦ ਮੰਗਦਾ ਹਾਂ, ਪਰ) ਤੇਰੇ ਘਰ ਵਿਚ ਕੇਹੜੀ ਚੀਜ਼ ਨਹੀਂ ਹੈ?
ਤੇਰੇ ਘਰ ਵਿਚ ਤਾਂ ਹਰੇਕ ਚੀਜ਼ ਮੌਜੂਦ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈਂ।
(ਫਿਰ, ਉਹ ਮਨੁੱਖ) ਤੇਰਾ ਨਾਮ ਤੇ ਤੇਰੀ ਸਿਫ਼ਤ-ਸਾਲਾਹ (ਆਪਣੇ) ਮਨ ਵਿਚ ਵਸਾਂਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ)।
ਜਿਨ੍ਹਾਂ ਬੰਦਿਆਂ ਦੇ ਮਨ ਵਿਚ (ਤੇਰਾ) ਨਾਮ ਵੱਸਦਾ ਹੈ (ਉਹਨਾਂ ਦੇ ਅੰਦਰ, ਮਾਨੋ,) ਬੇਅੰਤ ਸਾਜ਼ਾਂ ਦੀਆਂ (ਮਿਲਵੀਆਂ) ਸੁਰਾਂ ਵੱਜਣ ਲੱਗ ਪੈਂਦੀਆਂ ਹਨ (ਭਾਵ, ਉਹਨਾਂ ਦੇ ਮਨ ਵਿਚ ਉਹ ਖ਼ੁਸ਼ੀ ਤੇ ਚਾਉ ਪੈਦਾ ਹੁੰਦਾ ਹੈ ਜੋ ਕਈ ਸਾਜ਼ਾਂ ਦਾ ਮਿਲਵਾਂ ਰਾਗ ਸੁਣ ਕੇ ਪੈਦਾ ਹੁੰਦਾ ਹੈ)।
ਨਾਨਕ ਆਖਦਾ ਹੈ ਕਿ ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੇ ਘਰ ਵਿਚ ਕਿਸੇ ਸ਼ੈ ਦਾ ਘਾਟਾ ਨਹੀਂ ਹੈ (ਤੇ, ਮੈਂ ਤੇਰੇ ਦਰ ਤੋਂ ਆਨੰਦ ਦਾ ਦਾਨ ਮੰਗਦਾ ਹਾਂ) ॥੩॥
(ਪ੍ਰਭੂ ਦੀ ਮੇਹਰ ਨਾਲ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ।
ਉਹ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ) ਹੈ, ਜਿਸ (ਹਰਿ-ਨਾਮ) ਨੇ ਮੇਰੇ ਸਾਰੇ ਲਾਲਚ ਦੂਰ ਕਰ ਦਿੱਤੇ ਹਨ।
ਜੋ ਹਰਿ-ਨਾਮ (ਮੇਰੇ ਅੰਦਰ) ਸ਼ਾਂਤੀ ਤੇ ਸੁਖ ਪੈਦਾ ਕਰਕੇ ਮੇਰੇ ਮਨ ਵਿਚ ਆ ਟਿਕਿਆ ਹੈ, ਜਿਸ (ਹਰਿ-ਨਾਮ) ਨੇ ਮੇਰੇ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ।