ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ (ਰਾਗਮਾਲਾ)

(ਅੰਗ: 6)


ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥

(ਦੇਖ! ਸ੍ਰੀ) ਰਾਮ (-ਚੰਦ੍ਰ) ਕੂਚ ਕਰ ਗਿਆ, ਰਾਵਨ ਭੀ ਚੱਲ ਵੱਸਿਆ ਜਿਸ ਨੂੰ ਵੱਡੇ ਪਰਵਾਰ ਵਾਲਾ ਕਿਹਾ ਜਾਂਦਾ ਹੈ।

ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥

ਨਾਨਕ ਆਖਦਾ ਹੈ- (ਇਥੇ) ਕੋਈ ਭੀ ਸਦਾ ਕਾਇਮ ਰਹਿਣ ਵਾਲਾ ਪਦਾਰਥ ਨਹੀਂ ਹੈ। (ਇਹ) ਜਗਤ ਸੁਪਨੇ ਵਰਗਾ (ਹੀ) ਹੈ ॥੫੦॥

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥

(ਮੌਤ ਆਦਿਕ ਤਾਂ) ਉਸ (ਘਟਨਾ) ਦੀ ਚਿੰਤਾ ਕਰਨੀ ਚਾਹੀਦੀ ਹੈ ਜਿਹੜੀ ਕਦੇ ਵਾਪਰਨ ਵਾਲੀ ਨਾਹ ਹੋਵੇ।

ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥

ਹੇ ਨਾਨਕ! ਜਗਤ ਦੀ ਤਾਂ ਚਾਲ ਹੀ ਇਹ ਹੈ ਕਿ (ਇਥੇ) ਕੋਈ ਜੀਵ (ਭੀ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ॥੫੧॥

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥

(ਜਗਤ ਵਿਚ ਤਾਂ) ਜਿਹੜਾ ਭੀ ਜੰਮਿਆ ਹੈ ਉਹ (ਜ਼ਰੂਰ) ਨਾਸ ਹੋ ਜਾਇਗਾ (ਹਰ ਕੋਈ ਇਥੋਂ) ਅੱਜ ਜਾਂ ਭਲਕੇ ਕੂਚ ਕਰ ਜਾਣ ਵਾਲਾ ਹੈ।

ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥

ਹੇ ਨਾਨਕ! (ਇਸ ਵਾਸਤੇ ਮਾਇਆ ਦੇ ਮੋਹ ਦੀਆਂ) ਸਾਰੀਆਂ ਫਾਹੀਆਂ ਲਾਹ ਕੇ ਪਰਮਾਤਮਾ ਦੇ ਗੁਣ ਗਾਇਆ ਕਰ ॥੫੨॥

ਦੋਹਰਾ ॥

ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥

(ਪ੍ਰਭੂ ਦੇ ਨਾਮ ਤੋਂ ਵਿੱਛੁੜ ਕੇ ਜਦੋਂ ਮਾਇਆ ਦੇ ਮੋਹ ਦੀਆਂ) ਫਾਹੀਆਂ (ਮਨੁੱਖ ਨੂੰ) ਆ ਪੈਂਦੀਆਂ ਹਨ (ਉਹਨਾਂ ਫਾਹੀਆਂ ਨੂੰ ਕੱਟਣ ਲਈ ਮਨੁੱਖ ਦੇ ਅੰਦਰੋਂ ਆਤਮਕ) ਤਾਕਤ ਮੁੱਕ ਜਾਂਦੀ ਹੈ (ਮਾਇਆ ਦਾ ਟਾਕਰਾ ਕਰਨ ਲਈ ਮਨੁੱਖ ਪਾਸੋਂ) ਕੋਈ ਭੀ ਹੀਲਾ ਨਹੀਂ ਕੀਤਾ ਜਾ ਸਕਦਾ।

ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥

ਨਾਨਕ ਆਖਦਾ ਹੈ- ਹੇ ਹਰੀ! ਇਹੋ ਜਿਹੇ ਵੇਲੇ (ਹੁਣ) ਤੇਰਾ ਹੀ ਆਸਰਾ ਹੈ। ਜਿਵੇਂ ਤੂੰ (ਤੇਂਦੂਏ ਤੋਂ ਛੁਡਾਣ ਲਈ) ਹਾਥੀ ਦਾ ਸਹਾਈ ਬਣਿਆ, ਤਿਵੇਂ ਸਹਾਈ ਬਣ। (ਭਾਵ, ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਪਰਮਾਤਮਾ ਦੇ ਦਰ ਤੇ ਅਰਦਾਸ ਹੀ ਇਕੋ ਇਕ ਵਸੀਲਾ ਹੈ) ॥੫੩॥

ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥

(ਜਦੋਂ ਮਨੁੱਖ ਪ੍ਰਭੂ ਦੇ ਦਰ ਤੇ ਡਿੱਗਦਾ ਹੈ, ਤਾਂ ਮਾਇਆ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ ਆਤਮਕ) ਬਲ ਪੈਦਾ ਹੋ ਜਾਂਦਾ ਹੈ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ (ਮੋਹ ਦਾ ਟਾਕਰਾ ਕਰਨ ਲਈ) ਹਰੇਕ ਹੀਲਾ ਸਫਲ ਹੋ ਸਕਦਾ ਹੈ।

ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥

ਸੋ, ਹੇ ਨਾਨਕ ਆਖਦਾ ਹੈ- (ਹੇ ਪ੍ਰਭੂ!) ਸਭ ਕੁਝ ਤੇਰੇ ਹੱਥ ਵਿਚ ਹੈ (ਤੇਰੀ ਪੈਦਾ ਕੀਤੀ ਮਾਇਆ ਭੀ ਤੇਰੇ ਹੀ ਅਧੀਨ ਹੈ, ਇਸ ਤੋਂ ਬਚਣ ਲਈ) ਤੂੰ ਹੀ ਮਦਦਗਾਰ ਹੋ ਸਕਦਾ ਹੈਂ ॥੫੪॥

ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥

(ਜਦੋਂ ਅੰਤ ਵੇਲੇ) ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ, ਜਦੋਂ ਕੋਈ ਭੀ ਸਾਥ ਨਹੀਂ ਨਿਬਾਹ ਸਕਦਾ,

ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥

ਨਾਨਕ ਆਖਦਾ ਹੈ- ਉਸ (ਇਕੱਲੇ-ਪਨ ਦੀ) ਮੁਸੀਬਤ ਵੇਲੇ ਭੀ ਸਿਰਫ਼ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ (ਸੋ, ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ) ॥੫੫॥

ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥

(ਅੰਤ ਵੇਲੇ ਭੀ ਪਰਮਾਤਮਾ ਦਾ) ਨਾਮ (ਜੀਵ ਦੇ ਨਾਲ) ਰਹਿੰਦਾ ਹੈ, (ਬਾਣੀ ਦੇ ਰੂਪ ਵਿਚ) ਗੁਰੂ ਉਸ ਦੇ ਨਾਲ ਰਹਿੰਦਾ ਹੈ, ਅਕਾਲ ਪੁਰਖ ਉਸ ਦੇ ਨਾਲ ਹੈ,

ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥

ਨਾਨਕ ਆਖਦਾ ਹੈ- ਇਸ ਦੁਨੀਆ ਵਿਚ ਜਿਸ ਕਿਸੇ (ਮਨੁੱਖ) ਨੇ (ਹਰਿ ਨਾਮ ਸਿਮਰਨ ਵਾਲਾ) ਗੁਰੂ ਦਾ ਉਪਦੇਸ਼ ਆਪਣੇ ਅੰਦਰ ਸਦਾ ਵਸਾਇਆ ਹੈ (ਤੇ ਨਾਮ ਜਪਿਆ ਹੈ (ਉਸ ਦੇ ਅੰਤ ਵੇਲੇ ਇਹ ਸਹਾਈ ਬਣਦੇ ਹਨ) ॥੫੬॥

ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥

ਹੇ ਪ੍ਰਭੂ! ਜਿਸ ਮਨੁੱਖ ਨੇ ਤੇਰਾ ਉਹ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ,

ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥

ਅਤੇ ਜਿਸ ਨੂੰ ਸਿਮਰਿਆਂ ਹਰੇਕ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ, ਉਸ ਮਨੁੱਖ ਨੂੰ ਤੇਰਾ ਦਰਸ਼ਨ ਭੀ ਹੋ ਜਾਂਦਾ ਹੈ ॥੫੭॥੧॥

ਮੁੰਦਾਵਣੀ ਮਹਲਾ ੫ ॥

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥

(ਉਸ ਮਨੁੱਖ ਦੇ ਹਿਰਦੇ-) ਥਾਲ ਵਿਚ ਉੱਚਾ ਆਚਰਨ, ਸੰਤੋਖ ਅਤੇ ਆਤਮਕ ਜੀਵਨ ਦੀ ਸੂਝ-ਇਹ ਤਿੰਨ ਵਸਤੂਆਂ ਟਿਕੀਆਂ ਰਹਿੰਦੀਆਂ ਹਨ,

ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥

(ਜਿਸ ਮਨੁੱਖ ਦੇ ਹਿਰਦੇ-ਥਾਲ ਵਿਚ) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਆ ਵੱਸਦਾ ਹੈ (ਇਹ 'ਅੰਮ੍ਰਿਤ ਨਾਮੁ' ਐਸਾ ਹੈ) ਕਿ ਇਸ ਦਾ ਆਸਰਾ ਹਰੇਕ ਜੀਵ ਲਈ (ਜ਼ਰੂਰੀ) ਹੈ।