ਓਅੰਕਾਰੁ

(ਅੰਗ: 1)


ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ॥

ਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਦਖਣੀ ਓਅੰਕਾਰੁ'।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਓਅੰਕਾਰਿ ਬ੍ਰਹਮਾ ਉਤਪਤਿ ॥

(ਹੇ ਪਾਂਡੇ! ਤੁਸੀ ਮੰਦਰ ਵਿਚ ਅਸਥਾਪਨ ਕੀਤੀ ਹੋਈ ਇਸ ਮੂਰਤੀ ਨੂੰ 'ਓਅੰਕਾਰ' ਮਿਥ ਰਹੇ ਹੋ, ਤੇ ਆਖਦੇ ਹੋ ਕਿ ਸ੍ਰਿਸ਼ਟੀ ਨੂੰ ਬ੍ਰਹਮਾ ਨੇ ਪੈਦਾ ਕੀਤਾ ਸੀ। ਪਰ 'ਓਅੰਕਾਰ' ਉਹ ਸਰਬ-ਵਿਆਪਕ ਪਰਮਾਤਮਾ ਹੈ ਜਿਸ) ਸਰਬ-ਵਿਆਪਕ ਪਰਮਾਤਮਾ ਤੋਂ ਬ੍ਰਹਮਾ ਦਾ (ਭੀ) ਜਨਮ ਹੋਇਆ,

ਓਅੰਕਾਰੁ ਕੀਆ ਜਿਨਿ ਚਿਤਿ ॥

ਉਸ ਬ੍ਰਹਮਾ ਨੇ ਭੀ ਉਸ ਸਰਬ-ਵਿਆਪਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ।

ਓਅੰਕਾਰਿ ਸੈਲ ਜੁਗ ਭਏ ॥

ਇਹ ਸਾਰੀ ਸ੍ਰਿਸ਼ਟੀ ਤੇ ਸਮੇ ਦੀ ਵੰਡ ਉਸ ਸਰਬ-ਵਿਆਪਕ ਪਰਮਾਤਮਾ ਤੋਂ ਹੀ ਹੋਏ,

ਓਅੰਕਾਰਿ ਬੇਦ ਨਿਰਮਏ ॥

ਵੇਦ ਭੀ ਓਅੰਕਾਰ ਤੋਂ ਹੀ ਬਣੇ।

ਓਅੰਕਾਰਿ ਸਬਦਿ ਉਧਰੇ ॥

ਜੀਵ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਰਬ-ਵਿਆਪਕ ਪਰਮਾਤਮਾ ਦੀ ਸਹੈਤਾ ਨਾਲ ਹੀ ਸੰਸਾਰ ਦੇ ਵਿਕਾਰਾਂ ਤੋਂ ਬਚਦੇ ਹਨ,

ਓਅੰਕਾਰਿ ਗੁਰਮੁਖਿ ਤਰੇ ॥

ਤੇ ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦੇ ਹਨ।

ਓਨਮ ਅਖਰ ਸੁਣਹੁ ਬੀਚਾਰੁ ॥

(ਹੇ ਪਾਂਡੇ! ਤੁਸੀ ਆਪਣੇ ਚਾਟੜਿਆਂ ਦੀਆਂ ਪੱਟੀਆਂ ਉੱਤੇ ਲਫ਼ਜ਼ 'ਓਅੰ ਨਮਹ' ਲਿਖਦੇ ਹੋ, ਪਰ ਇਸ ਮੂਰਤੀ ਨੂੰ ਹੀ 'ਓਅੰ' ਸਮਝ ਰਹੇ ਹੋ) ਉਸ ਮਹਾਨ ਹਸਤੀ ਦੀ ਬਾਬਤ ਭੀ ਗੱਲ ਸੁਣੋ ਜਿਸ ਦੇ ਵਾਸਤੇ ਤੁਸੀ ਲਫ਼ਜ਼ 'ਓਅੰ ਨਮਹ' ਲਿਖਦੇ ਹੋ।

ਓਨਮ ਅਖਰੁ ਤ੍ਰਿਭਵਣ ਸਾਰੁ ॥੧॥

ਇਹ ਲਫ਼ਜ਼ 'ਓਅੰ ਨਮਹ' ਉਸ (ਮਹਾਨ ਅਕਾਲ ਪੁਰਖ) ਵਾਸਤੇ ਹਨ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ॥੧॥

ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥

ਹੇ ਪਾਂਡੇ! ਸੁਣ, ਨਿਰੀ (ਵਾਦ-ਵਿਵਾਦ ਤੇ ਸੰਸਾਰਕ) ਝੰਬੇਲਿਆਂ ਵਾਲੀ ਲਿਖਾਈ ਲਿਖਣ ਤੋਂ (ਕੋਈ ਆਤਮਕ) ਲਾਭ ਨਹੀਂ ਹੋ ਸਕਦਾ।

ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਰਹਾਉ ॥

(ਜੇ ਤੂੰ ਆਪਣਾ ਜੀਵਨ ਸਫਲਾ ਕਰਨਾ ਹੈ ਤਾਂ) ਗੁਰੂ ਦੇ ਸਨਮੁਖ ਹੋ ਕੇ ਸ੍ਰਿਸ਼ਟੀ ਦੇ ਮਾਲਕ ਪਰਮਾਤਮਾ ਦਾ ਨਾਮ (ਭੀ ਆਪਣੇ ਮਨ ਵਿਚ) ਲਿਖ ॥੧॥ ਰਹਾਉ ॥

ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥

ਜਿਸ ਪਰਮਾਤਮਾ ਨੇ ਕਿਸੇ ਉਚੇਰੇ ਉੱਦਮ ਤੋਂ ਬਿਨਾ ਹੀ ਇਹ ਸਾਰਾ ਜਗਤ ਪੈਦਾ ਕੀਤਾ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪਸਰ ਰਹੀ ਹੈ।

ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ ॥

ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ ਉਸ ਨੂੰ ਉਸ ਪਰਮਾਤਮਾ ਦਾ ਨਾਮ-ਪਦਾਰਥ ਮਿਲ ਜਾਂਦਾ ਹੈ, ਗੁਰਮੁਖਿ ਮਨੁੱਖ ਪਰਮਾਤਮਾ ਦਾ ਨਾਮ ਰੂਪ ਕੀਮਤੀ ਧਨ ਇਕੱਠਾ ਕਰ ਲੈਂਦਾ ਹੈ।

ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ ॥

ਉਹ ਮਨੁੱਖ ਸਤਿਗੁਰੂ (ਦੀ ਬਾਣੀ) ਦੀ ਰਾਹੀਂ ਸਮਝਦਾ ਸੋਚਦਾ ਹੈ, ਸਤਿਗੁਰੂ ਦੀ ਬਾਣੀ ਮੁੜ ਮੁੜ ਪੜ੍ਹ ਕੇ ਉਸ ਨੂੰ ਇਹ ਭੇਤ ਖੁਲ੍ਹਦਾ ਹੈ ਕਿ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਪਰਮਾਤਮਾ ਹੀ ਓੜਕ ਨੂੰ ਸਦਾ-ਥਿਰ ਰਹਿਣ ਵਾਲਾ ਹੈ।

ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ ॥੨॥

ਗੁਰੂ ਦੇ ਰਾਹ ਤੇ ਤੁਰਨ ਵਾਲਾ ਮਨੁੱਖ ਉਸ ਸਦਾ-ਥਿਰ ਪਰਮਾਤਮਾ ਨੂੰ ਹੀ (ਹਰ ਥਾਂ) ਵੇਖਦਾ ਹੈ ਤੇ ਆਪਣੇ ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਤੋਂ ਛੁਟ ਬਾਕੀ ਸਾਰਾ ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ ॥੨॥

ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ ॥

(ਹੇ ਪਾਂਡੇ! ਗੁਰੂ ਦੀ ਸਰਨ ਪੈ ਕੇ ਕਰਤਾਰ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ, ਉਹ ਬੜਾ ਬੇਅੰਤ ਹੈ) ਸਤਿਗੁਰੂ ਸਤਸੰਗ ਵਿਚ (ਉਸ ਕਰਤਾਰ ਦੇ ਸਿਮਰਨ ਰੂਪ) ਧਰਮ ਦਾ ਉਪਦੇਸ਼ ਕਰਦਾ ਹੈ, (ਸਿਮਰਨ ਦੀ ਬਰਕਤਿ ਨਾਲ) ਸਤਿਗੁਰੂ ਦਾ ਆਪਣਾ ਮਨ ਟਿਕਿਆ ਰਹਿੰਦਾ ਹੈ, ਤੇ ਉਹ ਹੋਰਨਾਂ ਵਿਚ ਭੀ (ਇਹ) ਗੁਣ ਪੈਦਾ ਕਰਦਾ ਹੈ।

ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ ॥

ਜਿਸ ਮਨੁੱਖ ਦੇ ਮੂੰਹ-ਮੱਥੇ ਤੇ ਗੁਰੂ ਦੇ ਚਰਨਾਂ ਦੀ ਧੂੜ ਪਏ, ਉਹ ਨਕਾਰੇ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ।

ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ ॥

ਜੋ ਪਰਮਾਤਮਾ ਸ੍ਰਿਸ਼ਟੀ ਦਾ ਆਸਰਾ ਹੈ ਜਿਸ ਦਾ ਕੋਈ ਸ਼ਰੀਕ ਨਹੀਂ ਤੇ ਜੋ ਜਨਮ-ਰਹਿਤ ਹੈ ਉਹੀ ਸਤਿਗੁਰੂ ਦਾ ਧਨ ਹੈ, ਸਤਿਗੁਰੂ ਤੋਲ ਵਿਚ ਬੋਲ ਵਿਚ ਸੱਚਾ ਤੇ ਪੂਰਨ ਹੁੰਦਾ ਹੈ।

ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥੩॥

ਕਰਤਾਰ ਦੀ ਵਡਿਆਈ ਕਰਤਾਰ ਆਪ ਹੀ ਜਾਣਦਾ ਹੈ, ਜਾਂ, ਸੂਰਮਾ ਸਤਿਗੁਰੂ ਜਾਣਦਾ ਹੈ (ਭਾਵ, ਸਤਿਗੁਰੂ ਹੀ ਪਰਮਾਤਮਾ ਦੀ ਵਡਿਆਈ ਦੀ ਕਦਰ ਪਾਂਦਾ ਹੈ) ॥੩॥