ਸੁਖਮਨੀ ਸਾਹਿਬ

(ਅੰਗ: 77)


ਭਏ ਪ੍ਰਗਾਸ ਸਾਧ ਕੈ ਸੰਗ ॥

ਇਹ ਚਾਨਣ (ਭਾਵ, ਸਮਝ) ਸਤਿਗੁਰੂ ਦੀ ਸੰਗਤਿ ਵਿਚ ਪ੍ਰਕਾਸ਼ਦਾ ਹੈ।

ਰਚਿ ਰਚਨਾ ਅਪਨੀ ਕਲ ਧਾਰੀ ॥

ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪਣੀ ਸੱਤਿਆ (ਇਸ ਸ੍ਰਿਸ਼ਟੀ ਵਿਚ) ਟਿਕਾਈ ਹੈ।

ਅਨਿਕ ਬਾਰ ਨਾਨਕ ਬਲਿਹਾਰੀ ॥੮॥੧੮॥

ਹੇ ਨਾਨਕ! (ਆਖ) ਮੈਂ ਕਈ ਵਾਰ (ਐਸੇ ਪ੍ਰਭੂ ਤੋਂ) ਸਦਕੇ ਹਾਂ ॥੮॥੧੮॥

ਸਲੋਕੁ ॥

ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥

(ਪ੍ਰਭੂ ਦੇ) ਭਜਨ ਤੋਂ ਬਿਨਾ (ਹੋਰ ਕੋਈ ਸ਼ੈ ਮਨੁੱਖ ਦੇ) ਨਾਲ ਨਹੀਂ ਜਾਂਦੀ, ਸਾਰੀ ਮਾਇਆ (ਜੋ ਮਨੁੱਖ ਕਮਾਉਂਦਾ ਰਹਿੰਦਾ ਹੈ, ਜਗਤ ਤੋਂ ਤੁਰਨ ਵੇਲੇ ਇਸ ਦੇ ਵਾਸਤੇ) ਸੁਆਹ (ਸਮਾਨ) ਹੈ।

ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥੧॥

ਹੇ ਨਾਨਕ! ਅਕਾਲ ਪੁਰਖ ਦਾ ਨਾਮ (ਸਿਮਰਨ) ਦੀ ਕਮਾਈ ਕਰਨਾ ਹੀ (ਸਭ ਤੋਂ) ਚੰਗਾ ਧਨ ਹੈ (ਇਹੀ ਮਨੁੱਖ ਦੇ ਨਾਲ ਨਿਭਦਾ ਹੈ) ॥੧॥

ਅਸਟਪਦੀ ॥

ਸੰਤ ਜਨਾ ਮਿਲਿ ਕਰਹੁ ਬੀਚਾਰੁ ॥

ਸੰਤਾਂ ਨਾਲ ਮਿਲ ਕੇ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰੋ,

ਏਕੁ ਸਿਮਰਿ ਨਾਮ ਆਧਾਰੁ ॥

ਇੱਕ ਪ੍ਰਭੂ ਨੂੰ ਸਿਮਰੋ ਤੇ ਪ੍ਰਭੂ ਦੇ ਨਾਮ ਦਾ ਆਸਰਾ (ਲਵੋ)।

ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥

ਹੇ ਮਿਤ੍ਰ! ਹੋਰ ਸਾਰੇ ਹੀਲੇ ਛੱਡ ਦਿਉ,

ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥

ਤੇ ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਹਿਰਦੇ ਵਿਚ ਟਿਕਾਉ।

ਕਰਨ ਕਾਰਨ ਸੋ ਪ੍ਰਭੁ ਸਮਰਥੁ ॥

ਉਹ ਪ੍ਰਭੂ (ਸਭ ਕੁਝ ਆਪ) ਕਰਨ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,

ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥

ਉਸ ਪ੍ਰਭੂ ਦਾ ਨਾਮ-ਰੂਪੀ (ਸੋਹਣਾ) ਪਦਾਰਥ ਪੱਕਾ ਕਰ ਕੇ ਸਾਂਭ ਲਵੋ।

ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥

(ਹੇ ਭਾਈ!) (ਨਾਮ-ਰੂਪ) ਇਹ ਧਨ ਇਕੱਠਾ ਕਰੋ ਤੇ ਭਾਗਾਂ ਵਾਲੇ ਬਣੋ,

ਸੰਤ ਜਨਾ ਕਾ ਨਿਰਮਲ ਮੰਤ ॥

ਸੰਤਾਂ ਦਾ ਇਹੀ ਪਵਿਤ੍ਰ ਉਪਦੇਸ਼ ਹੈ।

ਏਕ ਆਸ ਰਾਖਹੁ ਮਨ ਮਾਹਿ ॥

ਆਪਣੇ ਮਨ ਵਿਚ ਇਕ (ਪ੍ਰਭੂ ਦੀ) ਆਸ ਰੱਖੋ,

ਸਰਬ ਰੋਗ ਨਾਨਕ ਮਿਟਿ ਜਾਹਿ ॥੧॥

ਹੇ ਨਾਨਕ! (ਇਸ ਤਰ੍ਹਾਂ) ਸਾਰੇ ਰੋਗ ਮਿਟ ਜਾਣਗੇ ॥੧॥

ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥

(ਹੇ ਮਿਤ੍ਰ!) ਜਿਸ ਧਨ ਦੀ ਖ਼ਾਤਰ (ਤੂੰ) ਚੌਹੀਂ ਪਾਸੀਂ ਉਠ ਦੌੜਦਾ ਹੈਂ,

ਸੋ ਧਨੁ ਹਰਿ ਸੇਵਾ ਤੇ ਪਾਵਹਿ ॥

ਉਹ ਧਨ ਤੂੰ ਪ੍ਰਭੂ ਦੀ ਸੇਵਾ ਤੋਂ ਲਏਂਗਾ।

ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥

ਹੇ ਮਿਤ੍ਰ! ਜਿਸ ਸੁਖ ਨੂੰ ਤੂੰ ਸਦਾ ਤਾਂਘਦਾ ਹੈਂ,