ਗੁਰੂ ਦਾ ਦਰਸਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ।
(ਜਿਵੇਂ ਪਪੀਹਾ ਸ੍ਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ) ਪਪੀਹੇ ਵਾਂਗ (ਮੇਰਾ ਮਨ ਗੁਰੂ ਦੇ ਦਰਸਨ ਲਈ) ਤਰਲੇ ਲੈ ਰਿਹਾ ਹੈ।
ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਬਿਨਾ (ਦਰਸਨ ਦੀ ਮੇਰੀ ਆਤਮਕ) ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ ॥੧॥
ਮੈਂ ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ ॥
ਹੇ ਧਨੁਖ-ਧਾਰੀ ਪ੍ਰਭੂ ਜੀ! ਤੇਰਾ ਮੂੰਹ (ਤੇਰੇ ਮੂੰਹ ਦਾ ਦਰਸਨ) ਸੁਖ ਦੇਣ ਵਾਲਾ ਹੈ (ਠੰਢ ਪਾਣ ਵਾਲਾ ਹੈ) ਤੇਰੀ ਸਿਫ਼ਤ-ਸਾਲਾਹ (ਮੇਰੇ ਅੰਦਰ) ਆਤਮਕ ਅਡੋਲਤਾ ਦੀ ਲਹਰ ਪੈਦਾ ਕਰਦੀ ਹੈ।
ਹੇ ਧਨੁਖ-ਧਾਰੀ! ਤੇਰੇ ਦਰਸਨ ਕੀਤਿਆਂ ਚਿਰ ਹੋ ਗਿਆ ਹੈ।
ਹੇ ਮੇਰੇ ਸੱਜਣ ਪ੍ਰਭੂ! ਹੇ ਮੇਰੇ ਮਿਤ੍ਰ ਪ੍ਰਭੂ! ਉਹ ਹਿਰਦਾ-ਦੇਸ ਭਾਗਾਂ ਵਾਲਾ ਹੈ ਜਿਸ ਵਿਚ ਤੂੰ (ਸਦਾ) ਵੱਸਦਾ ਹੈਂ ॥੨॥
ਹੇ ਮੇਰੇ ਸੱਜਣ ਗੁਰੂ! ਹੇ ਮੇਰੇ ਮਿਤ੍ਰ-ਪ੍ਰਭੂ! ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ ॥
ਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਹੋ ਜਾਂਦਾ ਹੈ।
(ਮੈਂ ਤੇਰੇ ਵਿਛੋੜੇ ਵਿਚ ਬਿਹਬਲ ਹਾਂ) ਦੱਸ ਹੁਣ ਤੈਨੂੰ ਮੈਂ ਕਦੋਂ ਮਿਲ ਸਕਾਂਗਾ।
(ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਤਾਹੀਏਂ) ਗੁਰੂ ਦੇ ਦਰਬਾਰ ਦਾ ਦਰਸਨ ਕਰਨ ਤੋਂ ਬਿਨਾ ਮੇਰੀ (ਜ਼ਿੰਦਗੀ ਦੀ) ਰਾਤ (ਸੌਖੀ) ਨਹੀਂ ਲੰਘਦੀ, ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ ॥੩॥
ਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ ਕੁਰਬਾਨ ਹਾਂ ਜੋ ਸਦਾ ਅਟੱਲ ਰਹਿਣ ਵਾਲਾ ਹੈ ॥੧॥ ਰਹਾਉ ॥
ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ।
(ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ।
ਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਮਿਹਰ ਕਰ) ਮੈਂ ਤੇਰੇ ਦਾਸਾਂ ਦੀ (ਨਿੱਤ) ਸੇਵਾ ਕਰਦਾ ਰਹਾਂ, (ਤੇਰੇ ਦਾਸਾਂ ਤੋਂ) ਮੈਂ ਇਕ ਪਲ ਭਰ ਭੀ ਨਾਹ ਵਿੱਛੁੜਾਂ, ਇਕ ਚਸਾ-ਭਰ ਭੀ ਨਾਹ ਵਿੱਛੁੜਾਂ ॥੪॥
ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰੇ ਦਾਸਾਂ ਤੋਂ ਸਦਕੇ ਹਾਂ ਕੁਰਬਾਨ ਹਾਂ ॥੧॥ ਰਹਾਉ ॥
ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾਂ ਕਰਾਂ।