ਮੈਨੂੰ ਪਰਮਾਤਮਾ ਵਰਗਾ ਹੋਰ ਕੋਈ ਮਿੱਤਰ ਨਹੀਂ ਦਿੱਸਦਾ,
(ਪਰਮਾਤਮਾ ਹੀ ਹੈ) ਜਿਸ ਨੇ ਮੈਨੂੰ ਇਹ ਸਰੀਰ ਦਿੱਤਾ ਇਹ (ਮਨ) ਜਿੰਦ ਦਿੱਤੀ ਤੇ ਮੇਰੇ ਅੰਦਰਿ ਸੁਰਤ ਟਿਕਾ ਦਿੱਤੀ।
(ਉਹ ਸਿਰਫ਼ ਪ੍ਰਭੂ ਹੀ ਹੈ ਜੋ) ਸਾਰੇ ਜੀਵਾਂ ਦੀ ਪਾਲਣਾ ਕਰ ਕੇ ਸਭ ਦੀ ਸੰਭਾਲ ਕਰਦਾ ਹੈ, ਉਹ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਸਭ ਦੇ ਦਿਲ ਦੀ ਜਾਣਦਾ ਹੈ, ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ ॥੧॥
(ਪਰ ਉਹ ਮਿੱਤਰ-ਪ੍ਰਭੂ ਗੁਰੂ ਦੀ ਸਰਨ ਪਿਆਂ ਮਿਲਦਾ ਹੈ) ਗੁਰੂ ਸਰੋਵਰ ਹੈ, ਅਸੀਂ ਜੀਵ ਉਸ ਪਿਆਰੇ (ਸਰੋਵਰ) ਦੇ ਹੰਸ ਹਾਂ। (ਗੁਰੂ ਦੇ ਹੋ ਕੇ ਰਹਿਣ ਵਾਲੇ ਹੰਸਾਂ ਨੂੰ ਗੁਰੂ-ਮਾਨਸਰੋਵਰ ਵਿਚੋਂ ਮੋਤੀ ਮਿਲਦੇ ਹਨ)।
(ਗੁਰੂ ਸਮੁੰਦਰ ਹੈ) ਉਸ ਸਮੁੰਦਰ ਵਿਚ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਰਤਨ ਹਨ, ਲਾਲ ਹਨ, ਮੋਤੀ ਮਾਣਕ ਹਨ, ਹੀਰੇ ਹਨ।
(ਗੁਰੂ-ਸਮੁੰਦਰ ਵਿਚ ਟਿਕ ਕੇ) ਪਰਮਾਤਮਾ ਦੇ ਗੁਣ ਗਾਵਿਆਂ ਮਨ (ਹਰੀ ਦੇ ਪ੍ਰੇਮ-ਰੰਗ ਵਿਚ) ਭਿੱਜ ਜਾਂਦਾ ਹੈ, ਸਰੀਰ (ਭੀ) ਭਿੱਜ ਜਾਂਦਾ ਹੈ ॥੨॥
(ਸਭ ਜੀਵਾਂ ਵਿਚ ਵਿਆਪਕ ਹੁੰਦਿਆਂ ਭੀ) ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਅਥਾਹ ਹੈ, ਉਸ ਦੇ ਗੁਣਾਂ (ਦੇ ਸਮੁੰਦਰ) ਦੀ ਹਾਥ ਨਹੀਂ ਲੱਭਦੀ, ਉਹ ਨਿਰਲੇਪ ਹੈ।
ਸ੍ਰਿਸ਼ਟੀ ਦੇ ਰਾਖੇ, ਸਭ ਤੋਂ ਵੱਡੇ ਹਰੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਸਭ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰੱਥ ਪ੍ਰਭੂ ਸਤਿਗੁਰੂ ਦੀ ਮੱਤ ਦੇ ਕੇ ਪਾਰ ਲੰਘਾ ਲੈਂਦਾ ਹੈ। ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਦੇ ਪ੍ਰੇਮ-ਰੰਗ ਵਿਚ ਲੀਨ ਹੋ ਜਾਂਦਾ ਹੈ ॥੩॥
ਗੁਰੂ ਨੂੰ ਮਿਲਣ ਤੋਂ ਬਿਨਾ (ਮਾਇਆ ਦੇ ਮੋਹ-ਸਮੁੰਦਰ ਤੋਂ) ਖ਼ਲਾਸੀ ਨਹੀਂ ਮਿਲਦੀ।
ਉਹ ਪਰਮਾਤਮਾ (ਜੋ ਆਪ ਹੀ ਗੁਰੂ ਮਿਲਾਂਦਾ ਹੈ) ਸਾਰੇ ਜਗਤ ਦਾ ਮੂਲ ਹੈ, ਜੁਗਾਂ ਦੇ ਸ਼ੁਰੂ ਤੋਂ ਹੈ, ਸਭ ਵਿਚ ਵਿਆਪਕ ਤੇ ਸਭ ਨਾਲ ਪਿਆਰ ਕਰਨ ਵਾਲਾ ਹੈ।
ਉਹ ਪਰਮਾਤਮਾ ਮੇਹਰ ਕਰ ਕੇ ਸਾਡੇ ਕੀਤੇ ਔਗੁਣਾਂ ਨੂੰ ਬਖ਼ਸ਼ਦਾ ਹੈ, ਸਾਨੂੰ ਔਗੁਣਾਂ ਤੋਂ ਖ਼ਲਾਸੀ ਦੇਂਦਾ ਹੈ ਤੇ ਆਪਣੀ ਹਜ਼ੂਰੀ ਵਿਚ ਰੱਖਦਾ ਹੈ ॥੪॥
(ਪਰਮਾਤਮਾ ਦੀ ਮੇਹਰ ਨਾਲ ਮਿਲਿਆ ਹੋਇਆ) ਸਤਿਗੁਰੂ ਆਤਮਕ ਜੀਵਨ ਦੇ ਗੁਣਾਂ ਦੀ ਦਾਤ ਕਰਦਾ ਹੈ, ਵਿਕਾਰਾਂ ਤੋਂ ਬਚਾਂਦਾ ਹੈ,
ਸਾਡੇ ਹਿਰਦੇ ਵਿਚ ਨਾਮ-ਅੰਮ੍ਰਿਤ ਦਾ ਰਸ ਪਾ ਕੇ ਸਾਡੇ ਰੋਗ ਦੂਰ ਕਰਦਾ ਹੈ।
(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੀ ਤ੍ਰਿਸ਼ਨਾ-ਅੱਗ ਬੁੱਝ ਜਾਂਦੀ ਹੈ ਜਿਸ ਦੀ ਛਾਤੀ (ਨਾਮ ਦੀ ਠੰਢ ਨਾਲ) ਠੰਢੀ-ਠਾਰ ਹੋ ਜਾਂਦੀ ਹੈ, ਜਮ ਮਸੂਲੀਆ ਉਸ ਦੇ ਨੇੜੇ ਨਹੀਂ ਢੁਕਦਾ, ਉਸ ਨੂੰ (ਜਮ ਦਾ) ਮਸੂਲ ਨਹੀਂ ਦੇਣਾ ਪੈਂਦਾ (ਕਿਉਂਕਿ ਉਸ ਨੇ ਗੁਰੂ ਦੀ ਕਿਰਪਾ ਨਾਲ ਸਿਮਰਨ ਤੋਂ ਬਿਨਾ ਕੋਈ ਹੋਰ ਮਾਇਕ ਵੱਖਰ ਆਪਣੇ ਜੀਵਨ-ਬੇੜੇ ਵਿਚ ਲੱਦਿਆ ਹੀ ਨਹੀਂ) ॥੫॥
???ਇਹ ਕਾਂਇਆਂ (ਮਾਨੋ) ਇਕ ਸੁੰਦਰ ਇਸਤ੍ਰੀ ਹੈ (ਪਰ ਜਗਤ ਵਿਚ ਆ ਕੇ) ਪੰਛੀ ਜੀਵਾਤਮਾ ਕਾਇਆ-ਨਾਰ ਨਾਲ ਬੜੀ ਪ੍ਰੀਤ ਬਣਾ ਲੈਂਦਾ ਹੈ।
ਇਹ ਜੀਵਾਤਮਾ (ਮਾਨੋ) ਇਕ ਜੋਗੀ ਹੈ (ਜੋ ਜੋਗੀ ਵਾਲੀ ਫੇਰੀ ਪਾ ਕੇ ਜਗਤ ਤੋਂ ਚਲਾ ਜਾਂਦਾ ਹੈ) ਇਹ ਕਾਂਇਆਂ (ਮਾਨੋ) ਇਕ ਸੁੰਦਰ ਇਸਤ੍ਰੀ ਹੈ (ਪਰ ਜਗਤ ਵਿਚ ਆ ਕੇ) ਪੰਛੀ ਜੀਵਾਤਮਾ ਕਾਇਆ-ਨਾਰ ਨਾਲ ਬੜੀ ਪ੍ਰੀਤ ਬਣਾ ਲੈਂਦਾ ਹੈ।
ਰੰਗ-ਰਲੀਆਂ ਵਿਚ ਮਸਤ ਜੋਗੀ-ਜੀਵਤਮਾ ਦਿਨ ਰਾਤ ਕਾਂਇਆਂ ਨੂੰ ਭੋਗਦਾ ਹੈ (ਦਰਗਾਹੋਂ ਸੱਦਾ ਆਉਣ ਤੇ) ਤੁਰਨ ਵੇਲੇ (ਜੋਗੀ-ਜੀਵ ਕਾਇਆ-ਨਾਰ ਨਾਲ) ਸਲਾਹ ਭੀ ਨਹੀਂ ਕਰਦਾ ॥੬॥
ਜਗਤ ਪੈਦਾ ਕਰ ਕੇ ਪ੍ਰਭੂ ਸਭ ਜੀਵਾਂ ਦੀ ਰੱਖਿਆ ਕਰਦਾ ਹੈ,
ਹਵਾ ਪਾਣੀ ਅੱਗ (ਆਦਿਕ ਸਭ ਤੱਤਾਂ ਤੋਂ ਸਰੀਰ ਰਚ ਕੇ ਸਭ ਦੇ ਅੰਦਰ) ਪਰਗਟ ਰਹਿੰਦਾ ਹੈ,
(ਪਰ ਉਸ ਰੱਖਣਹਾਰ ਪ੍ਰਭੂ ਨੂੰ ਭੁਲਾ ਕੇ) ਮੂਰਖ ਮਨ ਕਾਮਾਦਿਕ ਵੈਰੀਆਂ ਦੀ ਸੰਗਤ ਵਿਚ ਰਲ ਕੇ ਭਟਕਦਾ ਹੈ, ਤੇ ਆਪਣੇ ਕੀਤੇ ਦਾ ਫਲ ਪਾਂਦਾ ਰਹਿੰਦਾ ਹੈ ॥੭॥
ਪਰਮਾਤਮਾ ਦਾ ਨਾਮ ਭੁਲਾ ਕੇ ਦੋਖਾਂ (ਵਿਕਾਰਾਂ) ਵਿਚ ਫਸ ਜਾਈਦਾ ਹੈ ਦੁੱਖ ਸਹਾਰਨੇ ਪੈਂਦੇ ਹਨ।
ਜਦੋਂ ਪ੍ਰਭੂ ਦਾ ਹੁਕਮ (ਸੱਦਾ) ਆਉਂਦਾ ਹੈ, ਇਥੋਂ ਤੁਰਨਾ ਪੈ ਜਾਂਦਾ ਹੈ, ਫਿਰ ਇਥੇ ਰਹਿ ਸਕੀਦਾ ਹੀ ਨਹੀਂ।
(ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਸਾਰੀ ਉਮਰ) ਨਰਕਾਂ ਦੇ ਖੂਹ ਵਿਚ ਗੋਤੇ ਖਾਂਦਾ ਰਹਿੰਦਾ ਹੈ (ਇਉਂ ਤੜਫਦਾ ਰਹਿੰਦਾ ਹੈ) ਜਿਵੇਂ ਪਾਣੀ ਤੋਂ ਬਾਹਰ ਨਿਕਲ ਕੇ ਮੱਛੀ (ਤੜਫਦੀ ਹੈ) ॥੮॥
ਮਾਇਆ-ਵੇੜ੍ਹਿਆ ਜੀਵ (ਪਰਮਾਤਮਾ ਨੂੰ ਭੁਲਾ ਕੇ) ਚੁਰਾਸੀ ਲੱਖ ਜੂਨਾਂ ਦੇ ਗੇੜ ਦੇ ਦੁੱਖ ਭੋਗਦਾ ਹੈ।
(ਸਿਰਜਣਹਾਰ ਦੀ ਰਜ਼ਾ ਦਾ ਨਿਯਮ ਹੀ ਐਸਾ ਹੈ ਕਿ) ਜਿਹੋ ਜਿਹਾ ਕਰਮ ਕਰੀਦਾ ਹੈ ਤਿਹੋ ਜਿਹਾ ਫਲ ਭੋਗੀਦਾ ਹੈ।
ਗੁਰੂ ਦੀ ਸਰਨ ਪੈਣ ਤੋਂ ਬਿਨਾ (ਚੁਰਾਸੀ ਦੇ ਗੇੜ ਵਿਚੋਂ) ਖ਼ਲਾਸੀ ਨਹੀਂ ਹੁੰਦੀ, ਆਪਣੇ ਕੀਤੇ ਕਰਮਾਂ ਦਾ ਬੱਝਾ ਜੀਵ ਉਸ ਗੇੜ ਵਿਚ ਫਸਿਆ ਰਹਿੰਦਾ ਹੈ ॥੯॥
(ਇਸ ਵਿਕਾਰ-ਭਰੇ ਜਗਤ ਵਿਚ ਸਹੀ ਇਨਸਾਨੀ ਜੀਵਨ ਦਾ ਰਸਤਾ, ਮਾਨੋ,) ਇਕ ਬੜੀ ਹੀ ਤੰਗ ਗਲੀ (ਵਿਚੋਂ ਦੀ ਲੰਘਦਾ ਹੈ ਜਿਥੇ ਬੜਾ ਹੀ ਸੰਕੋਚ ਕਰ ਕੇ ਤੁਰਨਾ ਪੈਂਦਾ) ਹੈ (ਉਹ ਰਸਤਾ, ਮਾਨੋ,) ਖੰਡੇ ਦੀ ਧਾਰ (ਵਰਗਾ ਤ੍ਰਿੱਖਾ) ਹੈ (ਜਿਸ ਉਤੋਂ ਲੰਘਦਿਆਂ ਰਤਾ ਭਰ ਭੀ ਡੋਲਿਆਂ ਵਿਕਾਰਾਂ ਦੇ ਸਮੁੰਦਰ ਵਿਚ ਡਿੱਗ ਪਈਦਾ ਹੈ)।
ਕੀਤੇ ਕਰਮਾਂ ਦਾ ਹਿਸਾਬ ਭੀ ਮੁਕਾਣਾ ਪੈਂਦਾ ਹੈ (ਭਾਵ, ਜਦ ਤਕ ਮਨ ਵਿਚ ਵਿਕਾਰਾਂ ਦੇ ਸੰਸਕਾਰ ਮੌਜੂਦ ਹਨ, ਤਦ ਤਕ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ) ਜਿਵੇਂ ਤਿਲਾਂ ਨੂੰ (ਕੋਲ੍ਹੂ ਵਿਚ) ਪੀੜਿਆਂ ਹੀ ਤੇਲ ਨਿਕਲਦਾ ਹੈ (ਤਿਵੇਂ ਦੁੱਖ ਦੇ ਕੋਲ੍ਹੂ ਵਿਚ ਪੈ ਕੇ ਵਿਕਾਰਾਂ ਤੋਂ ਖ਼ਲਾਸੀ ਮਿਲਦੀ ਹੈ)।
ਇਸ ਦੁੱਖ ਵਿਚ ਮਾਂ ਪਿਉ ਵਹੁਟੀ ਪੁੱਤਰ ਕੋਈ ਭੀ ਸਹਾਈ ਨਹੀਂ ਹੋ ਸਕਦਾ। ਪਰਮਾਤਮਾ ਦੇ ਨਾਮ-ਰਸ ਦੀ ਪ੍ਰਾਪਤੀ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੁੰਦੀ ॥੧੦॥
ਜਗਤ ਵਿਚ (ਭਾਵੇਂ) ਅਨੇਕਾਂ ਹੀ ਮਿੱਤਰ ਸਾਥੀ (ਬਣਾ ਲਈਏ),
ਪਰ ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ (ਵਿਕਾਰਾਂ ਦੇ ਸਮੁੰਦਰ ਵਿਚ ਡੁੱਬਦੇ ਜੀਵ ਦਾ) ਕੋਈ ਮਦਦਗਾਰ ਨਹੀਂ ਬਣਦਾ।
ਗੁਰੂ ਦੀ ਦੱਸੀ ਸੇਵਾ ਹੀ (ਵਿਕਾਰਾਂ ਤੋਂ) ਖ਼ਲਾਸੀ ਦਾ ਆਸਰਾ ਬਣਦਾ ਹੈ। (ਜੇਹੜਾ ਬੰਦਾ) ਹਰ ਵੇਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ (ਉਹ ਵਿਕਾਰਾਂ ਤੋਂ ਸੁਤੰਤਰ ਹੋ ਜਾਂਦਾ ਹੈ) ॥੧੧॥
ਮਾਇਆ ਦਾ ਮੋਹ ਛੱਡ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਿਲਣ ਦਾ ਉੱਦਮ ਕਰੋ।
(ਮਾਇਆ ਵਲੋਂ ਭੀ ਤਰਸੇਵਾਂ ਨਹੀਂ ਰਹੇਗਾ), ਜੋ ਕੁਝ (ਪ੍ਰਭੂ-ਦਰ ਤੋਂ) ਮੰਗੋਗੇ ਉਹੀ ਮਿਲ ਜਾਇਗਾ।
(ਪਰ ਮਾਇਆ ਇਤਨੀ ਪ੍ਰਬਲ ਹੈ ਕਿ) ਸਦਾ ਕਾਇਮ-ਰਹਿਣ ਵਾਲੇ ਨਾਮ-ਵੱਖਰ ਦੇ ਵਣਜਣ ਵਾਲੇ (ਜਗਤ ਵਿਚ) ਕੋਈ ਵਿਰਲੇ ਹੀ ਹੁੰਦੇ ਹਨ। ਜੇਹੜਾ ਮਨੁੱਖ ਇਹ ਵਣਜ ਕਰਦਾ ਹੈ ਉਹ (ਉੱਚੀ ਆਤਮਕ ਅਵਸਥਾ ਦਾ) ਲਾਭ ਖੱਟ ਲੈਂਦਾ ਹੈ ॥੧੨॥
ਪਰਮਾਤਮਾ ਦੇ ਨਾਮ ਦਾ ਸੌਦਾ (ਇਥੋਂ) ਖ਼ਰੀਦ ਕੇ ਤੁਰੋ,
ਪਰਮਾਤਮਾ ਦਾ ਦਰਸ਼ਨ ਪਾਵੋਗੇ, ਉਸ ਦੀ ਦਰਗਾਹ ਤੋਂ (ਉਹ ਦਾਤ ਮਿਲੇਗੀ ਜਿਸ ਦੀ ਬਰਕਤਿ ਨਾਲ) ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹੋਗੇ।
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਬੰਦੇ (ਆਤਮਕ ਗੁਣਾਂ ਵਿਚ) ਪੂਰਨ (ਹੋ ਕੇ ਪ੍ਰਭੂ ਦਾ ਨਾਮ-ਵੱਖਰ) ਹਾਸਲ ਕਰ ਲੈਂਦੇ ਹਨ, ਤੇ ਇਸ ਤਰ੍ਹਾਂ ਸਭ ਨਾਲ ਪਿਆਰ ਕਰਨ ਵਾਲੇ ਪਰਮਾਤਮਾ ਨੂੰ (ਆਪਣੇ ਅੰਦਰ ਵੱਸਦਾ ਹੀ) ਪਛਾਣ ਲੈਂਦੇ ਹਨ ॥੧੩॥
ਕੋਈ ਵਿਰਲੇ (ਭਾਗਾਂ ਵਾਲੇ) ਬੰਦੇ ਗੁਰੂ ਦੀ ਮੱਤ ਲੈ ਕੇ ਬੇਅੰਤ ਗੁਣਾਂ ਦੇ ਮਾਲਕ ਪਰਮਾਤਮਾ ਨੂੰ ਲੱਭ ਲੈਂਦੇ ਹਨ,
ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ) ਮਨ ਨੂੰ (ਵਿਕਾਰਾਂ ਵਲ ਦੌੜਨ ਤੋਂ ਹਟਣ ਲਈ) ਸਮਝਾਂਦੇ ਹਨ।
ਸਤਿਗੁਰੂ ਦੀ ਬਾਣੀ ਵਿਚ ਪੂਰਨ ਸਰਧਾ ਬਣਾਵੋ। ਇਸ ਤਰ੍ਹਾਂ (ਭਾਵ, ਗੁਰੂ ਦੀ ਬਾਣੀ ਵਿਚ ਸਰਧਾ ਬਣਾਇਆਂ) ਸਰਬ-ਵਿਆਪਕ ਪਰਮਾਤਮਾ ਵਿਚ ਲੀਨ ਹੋ ਜਾਈਦਾ ਹੈ (ਤੇ ਵਿਕਾਰਾਂ ਵਲ ਦੀ ਭਟਕਣਾ ਮੁੱਕ ਜਾਂਦੀ ਹੈ) ॥੧੪॥
ਹੇ ਪ੍ਰਭੂ! ਨਾਰਦ (ਆਦਿਕ ਵੱਡੇ ਵੱਡੇ ਰਿਸ਼ੀ) ਤੇ ਸਾਰਦਾ (ਵਰਗੀਆਂ ਬੇਅੰਤ ਦੇਵੀਆਂ) ਸਭ ਤੇਰੇ (ਹੀ ਦਰ ਦੇ) ਸੇਵਕ ਹਨ,
ਇਸ ਤ੍ਰਿਭਵਨੀ ਸੰਸਾਰ ਵਿਚ ਵੱਡੇ ਤੋਂ ਵੱਡੇ ਅਖਵਾਣ ਵਾਲੇ ਭੀ ਤੇਰੇ ਦਰ ਦੇ ਸੇਵਕ ਹਨ।
ਇਹ ਸਾਰੀ ਰਚਨਾ ਤੇਰੀ ਹੀ ਰਚੀ ਹੋਈ ਹੈ, ਇਹ ਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ ਹੈ। ਤੂੰ ਹਰੇਕ ਜੀਵ ਦੇ ਸਿਰ ਉਤੇ ਰਾਜ਼ਕ ਹੈਂ ॥੧੫॥
ਅਨੇਕਾਂ ਹੀ ਜੀਵ (ਤੇਰੇ ਨਾਮ ਦੀ ਬਰਕਤਿ ਨਾਲ ਆਪਣਾ) ਦੁੱਖ ਦਰਦ ਦੂਰ ਕਰ ਕੇ ਤੇਰੇ ਦਰ ਤੇ ਤੇਰੀ ਸੇਵਾ-ਭਗਤੀ ਕਰਦੇ ਹਨ।
ਜਿਨ੍ਹਾਂ ਨੂੰ ਸਤਿਗੁਰੂ (ਵਿਕਾਰਾਂ ਦੇ ਪੰਜੇ ਤੋਂ) ਛੁਡਾ ਲੈਂਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ-ਸਤਕਾਰ ਮਿਲਦਾ ਹੈ।
ਜਿਨ੍ਹਾਂ (ਵਡ-ਭਾਗੀਆਂ) ਦੇ ਹਉਮੈ ਦੇ ਬੰਧਨ ਸਤਿਗੁਰੂ ਨੇ ਤੋੜ ਦਿੱਤੇ, ਉਹਨਾਂ ਦੇ ਚੰਚਲ ਮਨ ਨੂੰ ਗੁਰੂ ਨੇ (ਵਿਕਾਰਾਂ ਵਲ) ਭਟਕਣ ਨਹੀਂ ਦਿੱਤਾ ॥੧੬॥
ਤੁਸੀਂ ਗੁਰੂ ਨੂੰ ਮਿਲੋ, ਤੇ (ਗੁਰੂ ਪਾਸੋਂ) ਉਹ ਢੰਗ ਸਿੱਖ ਲਵੋ,