ਰਾਗੁ ਸੂਹੀ ਮਹਲਾ ੫ ਘਰੁ ੬ ॥

ਰਾਗ ਸੂਹੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥

ਹੇ ਭਾਈ! ਮੈਂ ਤਾਂ ਗੁਰੂ ਦੇ ਪਾਸ ਹੀ (ਸਦਾ) ਅਰਜ਼ੋਈ ਕਰਦਾ ਹਾਂ ਕਿ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, (ਇਹ ਨਾਮ ਹੀ ਮੇਰੀ ਜ਼ਿੰਦਗੀ ਦਾ) ਸਹਾਰਾ (ਹੈ)।

ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥੧॥

ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ (ਉਸ ਨੂੰ ਉਸ ਦਾ ਨਾਮ ਮਿਲਦਾ ਹੈ, ਤੇ) ਉਸ ਦਾ ਮਾਇਆ ਦੇ ਮੋਹ ਵਾਲਾ ਤਾਪ ਦੂਰ ਹੋ ਜਾਂਦਾ ਹੈ ॥੧॥

ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥੧॥ ਰਹਾਉ ॥

ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ! ਤੂੰ (ਤੇਰਾ ਨਾਮ) ਤੇਰੇ ਭਗਤਾਂ ਦਾ ਸਹਾਰਾ ਹੈ, ਤੇਰਾ ਨਾਮ ਤੇਰੇ ਸੰਤਾਂ ਦਾ ਆਸਰਾ ਹੈ ॥੧॥ ਰਹਾਉ ॥

ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥

ਹੇ ਪ੍ਰਭੂ! ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੇ ਖ਼ਜ਼ਾਨੇ ਸਦਾ ਭਰਪੂਰ ਰਹਿਣ ਵਾਲੇ ਹਨ,

ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥੨॥

(ਤੇਰੇ ਖ਼ਜ਼ਾਨਿਆਂ ਵਿਚ) ਤੇਰੇ ਪਦਾਰਥ ਸਦਾ-ਥਿਰ ਰਹਿਣ ਵਾਲੇ ਹਨ, ਤੇਰਾ ਰਚਿਆ ਜਗਤ-ਖਿਲਾਰਾ ਅਟੱਲ ਨਿਯਮਾਂ ਵਾਲਾ ਹੈ ॥੨॥

ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥

ਹੇ ਪ੍ਰਭੂ! ਤੇਰੀ ਹਸਤੀ ਐਸੀ ਹੈ ਜਿਸ ਤਕ (ਅਸਾਂ ਜੀਵਾਂ ਦੀ) ਪਹੁੰਚ ਨਹੀਂ ਹੋ ਸਕਦੀ, ਤੇਰਾ ਦਰਸਨ ਅਦੁੱਤੀ ਹੈ (ਤੇਰੇ ਵਰਗਾ ਹੋਰ ਕੋਈ ਨਹੀਂ)।

ਹਉ ਕੁਰਬਾਣੀ ਤੇਰਿਆ ਸੇਵਕਾ ਜਿਨੑ ਹਰਿ ਨਾਮੁ ਪਿਆਰਾ ॥੩॥

ਹੇ ਪ੍ਰਭੂ! ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ ॥੩॥

ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥

ਹੇ ਅਪਹੁੰਚ ਪ੍ਰਭੂ! ਹੇ ਬੇਅੰਤ ਪ੍ਰਭੂ! ਜਦੋਂ (ਕਿਸੇ ਵਡ-ਭਾਗੀ ਨੂੰ) ਤੂੰ ਮਿਲ ਪੈਂਦਾ ਹੈਂ, ਉਸ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਂਦੀਆਂ ਹਨ (ਉਸ ਨੂੰ ਕੋਈ ਥੁੜ ਨਹੀਂ ਰਹਿ ਜਾਂਦੀ, ਉਸ ਦੀ ਤ੍ਰਿਸਨਾ ਮੁੱਕ ਜਾਂਦੀ ਹੈ)।

ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ ॥੪॥੧॥੪੭॥

ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ, ਉਸ ਨੂੰ ਪਰਮਾਤਮਾ ਮਿਲ ਪਿਆ ॥੪॥੧॥੪੭॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਸੂਹੀ
ਲਿਖਾਰੀ: ਗੁਰੂ ਅਰਜਨ ਦੇਵ ਜੀ
ਅੰਗ: 746 - 747
ਲੜੀ ਸੰਃ: 16 - 2

ਰਾਗੁ ਸੂਹੀ

ਰਾਗੁ ਸੂਹੀ ਅਜਿਹੀ ਸ਼ਰਧਾ ਦਾ ਪ੍ਰਗਟਾਵਾ ਹੈ ਕਿ ਸੁਣਨ ਵਾਲਾ ਅਤਿ ਨੇੜਤਾ ਅਤੇ ਅਨਾਦਿ ਪਿਆਰ ਦੀਆਂ ਭਾਵਨਾਵਾਂ ਦਾ ਅਨੁਭਵ ਕਰਦਾ ਹੈ।ਸੁਣਨ ਵਾਲੇ ਨੂੰ ਉਸ ਪਿਆਰ ਨਾਲ ਨਹਾਇਆ ਜਾਂਦਾ ਹੈ ਅਤੇ ਸੱਚਮੁੱਚ ਪਤਾ ਲੱਗ ਜਾਂਦਾ ਹੈ ਕਿ ਇਸ ਦਾ ਪਿਆਰ ਕਰਨ ਦਾ ਕੀ ਅਰਥ ਹੈ।