ਗਉੜੀ ਮਹਲਾ ੫ ॥

ਆਪਨ ਤਨੁ ਨਹੀ ਜਾ ਕੋ ਗਰਬਾ ॥

(ਹੇ ਭਾਈ!) ਇਹ ਸਰੀਰ ਜਿਸ ਦਾ (ਤੂੰ) ਮਾਣ ਕਰਦਾ ਹੈਂ (ਸਦਾ ਲਈ) ਆਪਣਾ ਨਹੀਂ ਹੈ।

ਰਾਜ ਮਿਲਖ ਨਹੀ ਆਪਨ ਦਰਬਾ ॥੧॥

ਰਾਜ, ਭੁਇਂ, ਧਨ (ਇਹ ਭੀ ਸਦਾ ਲਈ) ਆਪਣੇ ਨਹੀਂ ਹਨ ॥੧॥

ਆਪਨ ਨਹੀ ਕਾ ਕਉ ਲਪਟਾਇਓ ॥

(ਹੇ ਭਾਈ! ਤੂੰ) ਕਿਸ ਕਿਸ ਨਾਲ ਮੋਹ ਕਰ ਰਿਹਾ ਹੈਂ? (ਇਹਨਾਂ ਵਿਚੋਂ ਕੋਈ ਭੀ ਸਦਾ ਲਈ) ਤੇਰਾ ਆਪਣਾ ਨਹੀਂ ਹੈ।

ਆਪਨ ਨਾਮੁ ਸਤਿਗੁਰ ਤੇ ਪਾਇਓ ॥੧॥ ਰਹਾਉ ॥

(ਸਦਾ ਲਈ) ਆਪਣਾ (ਬਣੇ ਰਹਿਣ ਵਾਲਾ ਪਰਮਾਤਮਾ ਦਾ) ਨਾਮ (ਹੀ) ਹੈ (ਜੋ) ਗੁਰੂ ਪਾਸੋਂ ਮਿਲਦਾ ਹੈ! ॥੧॥ ਰਹਾਉ ॥

ਸੁਤ ਬਨਿਤਾ ਆਪਨ ਨਹੀ ਭਾਈ ॥

ਪੁੱਤਰ, ਇਸਤ੍ਰੀ, ਭਰਾ, (ਇਹਨਾਂ ਵਿਚੋਂ ਕੋਈ ਆਪਣਾ ਨਹੀਂ)

ਇਸਟ ਮੀਤ ਆਪ ਬਾਪੁ ਨ ਮਾਈ ॥੨॥

ਪਿਆਰੇ ਮਿੱਤਰ, ਪਿਉ, ਮਾਂ (ਇਹਨਾਂ ਵਿਚੋਂ ਕੋਈ ਭੀ ਕਿਸੇ ਦਾ ਸਦਾ ਲਈ) ਆਪਣਾ ਨਹੀਂ ਹੈ ॥੨॥

ਸੁਇਨਾ ਰੂਪਾ ਫੁਨਿ ਨਹੀ ਦਾਮ ॥

(ਹੇ ਭਾਈ!) ਸੋਨਾ ਚਾਂਦੀ ਤੇ ਦੌਲਤ ਭੀ (ਸਦਾ ਲਈ ਆਪਣੇ) ਨਹੀਂ ਹਨ।

ਹੈਵਰ ਗੈਵਰ ਆਪਨ ਨਹੀ ਕਾਮ ॥੩॥

ਵਧੀਆ ਘੋੜੇ, ਵਧੀਆ ਹਾਥੀ (ਇਹ ਭੀ ਸਦਾ ਲਈ) ਆਪਣੇ ਕੰਮ ਨਹੀਂ ਆ ਸਕਦੇ ॥੩॥

ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ ॥

ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਬਖ਼ਸ਼ਸ਼ ਕਰ ਕੇ ਗੁਰੂ ਨੇ (ਪ੍ਰਭੂ ਨਾਲ) ਮਿਲਾ ਦਿੱਤਾ ਹੈ,

ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ ॥੪॥੩੭॥੧੦੬॥

ਜਿਸ ਮਨੁੱਖ ਦਾ (ਸਦਾ ਦਾ ਸਾਥੀ) ਪਰਮਾਤਮਾ ਬਣ ਗਿਆ ਹੈ, ਸਭ ਕੁਝ ਉਸ ਦਾ ਆਪਣਾ ਹੈ (ਭਾਵ, ਉਸ ਨੂੰ ਸਾਰਾ ਜਗਤ ਆਪਣਾ ਦਿੱਸਦਾ ਹੈ, ਉਸ ਨੂੰ ਦੁਨੀਆ ਦੇ ਸਾਕ ਸੈਣ ਦਾ ਦੁਨੀਆ ਦੇ ਧਨ ਪਦਾਰਥ ਦਾ ਵਿਛੋੜਾ ਦੁਖੀ ਨਹੀਂ ਕਰ ਸਕਦਾ) ॥੪॥੩੭॥੧੦੬॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਗਉੜੀ
ਲਿਖਾਰੀ: ਗੁਰੂ ਅਰਜਨ ਦੇਵ ਜੀ
ਅੰਗ: 187
ਲੜੀ ਸੰਃ: 5 - 8

ਰਾਗੁ ਗਉੜੀ

ਰਾਗੁ ਗਉੜੀ ਸੁਣਨ ਵਾਲੇ ਨੂੰ ਇੱਕ ਉਦੇਸ਼ ਪ੍ਰਾਪਤੀ ਦੀ ਸਖਤ ਕੋਸ਼ਿਸ਼ ਕਰਨ ਲਈ ਉਤਸ਼ਾਹਤ ਕਰਦਾ ਹੈ। ਹਾਲਾਂਕਿ, ਰਾਗ ਦੁਆਰਾ ਦਿੱਤਾ ਉਤਸ਼ਾਹ ਹਉਮੈ ਨੂੰ ਵਧਣ ਨਹੀਂ ਦਿੰਦਾ। ਇਹ, ਇਸ ਲਈ, ਇੱਕ ਮਾਹੌਲ ਪੈਦਾ ਕਰਦਾ ਹੈ ਜਿੱਥੇ ਸੁਣਨ ਵਾਲੇ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ, ਪਰ ਫਿਰ ਵੀ ਹੰਕਾਰੀ ਅਤੇ ਸਵੈ-ਮਹੱਤਵਪੂਰਣ ਬਣਨ ਤੋਂ ਰੋਕ ਦਿੰਦਾ ਹੈ।