ਆਪਣਾ ਹੱਥ ਦੇ ਕੇ ਮੇਰਾ ਉੱਧਾਰ ਕਰੋ।
ਮੌਤ ਦੇ ਸਮੇਂ ਦਾ ਡਰ ਦੂਰ ਕਰ ਦਿਓ।
ਸਦਾ ਮੇਰੇ ਪੱਖ ਵਿਚ ਰਹੋ
ਹੇ ਅਸਿਧੁਜ ਜੀ! ਅਤੇ ਮੇਰੀ ਰਖਿਆ ਕਰੋ ॥੩੮੧॥
ਹੇ ਰਖਿਆ ਕਰਨ ਵਾਲੇ! ਮੇਰੀ ਰਖਿਆ ਕਰੋ।
(ਤੁਸੀਂ) ਸੰਤਾਂ ਦੇ ਸਾਹਿਬ (ਸੁਆਮੀ) ਅਤੇ ਪਿਆਰੇ ਸਹਾਇਕ ਹੋ।
(ਤੁਸੀਂ) ਦੀਨਾਂ ਦੇ ਬੰਧੂ ਅਤੇ ਦੁਸ਼ਟਾਂ ਦੇ ਸੰਘਾਰਕ ਹੋ।
ਤੁਸੀਂ ਹੀ ਚੌਦਾਂ ਪੁਰੀਆਂ (ਲੋਕਾਂ) ਦੇ ਸੁਆਮੀ ਹੋ ॥੩੮੨॥
ਸਮਾਂ ਆਣ ਤੇ ਹੀ ਬ੍ਰਹਮਾ ਨੇ ਸ਼ਰੀਰ ਧਾਰਨ ਕੀਤਾ।
ਸਮਾਂ ਪਾ ਕੇ ਹੀ ਸ਼ਿਵ ਜੀ ਨੇ ਅਵਤਾਰ ਧਾਰਿਆ।
ਕਾਲ ਦੀ ਪ੍ਰਾਪਤੀ ਤੇ ਹੀ ਵਿਸ਼ਣੂ ਦਾ ਪ੍ਰਕਾਸ਼ ਹੋਇਆ।
(ਹੇ ਮਹਾਕਾਲ! ਤੁਸੀਂ ਹੀ) ਸਾਰਿਆਂ ਕਾਲਾਂ ਦਾ ਕੌਤਕ ਰਚਾਇਆ ਹੋਇਆ ਹੈ ॥੩੮੩॥
ਜਿਸ ਕਾਲ ਨੇ ਸ਼ਿਵ ਨੂੰ ਜੋਗੀ ਬਣਾਇਆ ਹੈ
ਅਤੇ ਬ੍ਰਹਮਾ ਜੀ ਨੂੰ ਵੇਦਾਂ ਦਾ ਰਾਜਾ ਬਣਾਇਆ ਹੈ।
ਜਿਸ ਕਾਲ ਨੇ ਸਾਰਿਆਂ ਲੋਕਾਂ (ਭੁਵਨਾਂ) ਨੂੰ ਸੰਵਾਰਿਆ ਹੈ,
ਉਸ ਨੂੰ ਮੇਰਾ ਪ੍ਰਨਾਮ ਹੈ ॥੩੮੪॥
ਜਿਸ ਕਾਲ ਨੇ ਸਾਰਾ ਜਗਤ ਬਣਾਇਆ
ਅਤੇ ਦੇਵਤੇ, ਦੈਂਤ ਤੇ ਯਕਸ਼ ਪੈਦਾ ਕੀਤੇ।
(ਜੋ) ਆਦਿ ਤੋਂ ਅੰਤ ਤਕ ਅਵਤਰਿਤ ਹੈ (ਭਾਵ ਪ੍ਰਕਾਸ਼ਮਾਨ ਹੈ)
ਉਸੇ ਨੂੰ ਮੇਰਾ ਗੁਰੂ ਸਮਝੋ ॥੩੮੫॥