ਬੇਨਤੀ ਚੌਪਈ ਸਾਹਿਬ

(ਅੰਗ: 1)


ੴ ਵਾਹਿਗੁਰੂ ਜੀ ਕੀ ਫਤਹ ॥

ਪਾਤਿਸਾਹੀ ੧੦ ॥

ਪਾਤਿਸ਼ਾਹੀ ੧੦:

ਕਬਿਯੋ ਬਾਚ ਬੇਨਤੀ ॥

ਕਵੀ ਨੇ ਬੇਨਤੀ ਕੀਤੀ:

ਚੌਪਈ ॥

ਚੌਪਈ:

ਹਮਰੀ ਕਰੋ ਹਾਥ ਦੈ ਰਛਾ ॥

(ਹੇ ਪਰਮ ਸੱਤਾ!) ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ।

ਪੂਰਨ ਹੋਇ ਚਿਤ ਕੀ ਇਛਾ ॥

(ਤਾਂ ਜੋ) ਮੇਰੇ ਚਿਤ ਦੀ ਇੱਛਾ ਪੂਰੀ ਹੋ ਜਾਏ।

ਤਵ ਚਰਨਨ ਮਨ ਰਹੈ ਹਮਾਰਾ ॥

ਮੇਰਾ ਮਨ (ਸਦਾ) ਤੁਹਾਡੇ ਚਰਨਾਂ ਨਾਲ ਜੁੜਿਆ ਰਹੇ।

ਅਪਨਾ ਜਾਨ ਕਰੋ ਪ੍ਰਤਿਪਾਰਾ ॥੩੭੭॥

ਆਪਣਾ ਜਾਣ ਕੇ ਮੇਰੀ ਪ੍ਰਤਿਪਾਲਨਾ ਕਰੋ ॥੩੭੭॥

ਹਮਰੇ ਦੁਸਟ ਸਭੈ ਤੁਮ ਘਾਵਹੁ ॥

ਮੇਰੇ ਸਾਰੇ ਦੁਸ਼ਟਾਂ (ਦੁਸ਼ਮਣਾਂ) ਨੂੰ ਤੁਸੀਂ ਖ਼ਤਮ ਕਰੋ।

ਆਪੁ ਹਾਥ ਦੈ ਮੋਹਿ ਬਚਾਵਹੁ ॥

ਮੈਨੂੰ ਆਪਣਾ ਹੱਥ ਦੇ ਕੇ ਬਚਾਓ।

ਸੁਖੀ ਬਸੈ ਮੋਰੋ ਪਰਿਵਾਰਾ ॥

ਹੇ ਕਰਤਾਰ! ਮੇਰਾ ਪਰਿਵਾਰ,

ਸੇਵਕ ਸਿਖ ਸਭੈ ਕਰਤਾਰਾ ॥੩੭੮॥

ਸੇਵਕ, ਸਿੱਖ ਸਭ ਸੁਖੀ ਵਸਦੇ ਰਹਿਣ ॥੩੭੮॥

ਮੋ ਰਛਾ ਨਿਜ ਕਰ ਦੈ ਕਰਿਯੈ ॥

ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ।

ਸਭ ਬੈਰਨ ਕੋ ਆਜ ਸੰਘਰਿਯੈ ॥

ਸਾਰਿਆਂ ਵੈਰੀਆਂ ਨੂੰ ਅਜ ਹੀ ਮਾਰ ਦਿਓ।

ਪੂਰਨ ਹੋਇ ਹਮਾਰੀ ਆਸਾ ॥

ਮੇਰੀ ਆਸ ਪੂਰੀ ਹੋ ਜਾਏ।

ਤੋਰ ਭਜਨ ਕੀ ਰਹੈ ਪਿਆਸਾ ॥੩੭੯॥

(ਸਦਾ) ਤੇਰੇ ਭਜਨ ਲਈ (ਅਥਵਾ ਭਗਤੀ ਲਈ) ਪਿਆਸ (ਤੀਬਰ ਇੱਛਾ) ਬਣੀ ਰਹੇ ॥੩੭੯॥

ਤੁਮਹਿ ਛਾਡਿ ਕੋਈ ਅਵਰ ਨ ਧਿਯਾਊਂ ॥

ਤੁਹਾਨੂੰ ਛਡ ਕੇ ਕਿਸੇ ਹੋਰ ਦੀ ਅਰਾਧਨਾ ਨਾ ਕਰਾਂ।

ਜੋ ਬਰ ਚਹੋਂ ਸੁ ਤੁਮ ਤੇ ਪਾਊਂ ॥

ਜੋ ਵਰ ਚਾਹਵਾਂ, ਤੁਹਾਡੇ ਤੋਂ ਹੀ ਪ੍ਰਾਪਤ ਕਰਾਂ।

ਸੇਵਕ ਸਿਖ ਹਮਾਰੇ ਤਾਰੀਅਹਿ ॥

ਮੇਰੇ ਸੇਵਕਾਂ ਅਤੇ ਸਿੱਖਾਂ ਨੂੰ (ਭਵਸਾਗਰ ਵਿਚੋਂ) ਤਾਰ ਦਿਓ।

ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥੩੮੦॥

ਮੇਰੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿਓ ॥੩੮੦॥