ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ, ਏਡਾ (ਉੱਚਾ) ਹੈ, (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ)
ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ ॥੧੪॥
ਜੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ (ਮਨੁੱਖ) 'ਕੂੜ' ਤੋਂ ਖ਼ਲਾਸੀ ਪਾਣ ਦਾ ਰਾਹ ਲੱਭ ਲੈਂਦੇ ਹਨ।
(ਇਹੋ ਜਿਹਾ ਮਨੁੱਖ) ਆਪਣੇ ਪਰਵਾਰ ਨੂੰ ਭੀ (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ।
ਨਾਮ ਵਿਚ ਮਨ ਪਤੀਜਣ ਕਰਕੇ ਹੀ, ਸਤਿਗੁਰੂ (ਭੀ ਆਪ ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ।
ਨਾਮ ਵਿਚ ਮਨ ਜੁੜਨ ਕਰ ਕੇ, ਹੇ ਨਾਨਕ! ਮਨੁੱਖ ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ।
ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਏਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ),
ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰੇ ॥੧੫॥
ਜਿਨ੍ਹਾਂ ਮਨੁੱਖਾਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ਤੇ ਜਿਨ੍ਹਾਂ ਦੇ ਅੰਦਰ ਪ੍ਰਭੂ ਵਾਸਤੇ ਲਗਨ ਬਣ ਜਾਂਦੀ ਹੈ ਉਹੀ ਮਨੁੱਖ (ਇੱਥੇ ਜਗਤ ਵਿਚ) ਮੰਨੇ-ਪ੍ਰਮੰਨੇ ਰਹਿੰਦੇ ਹਨ ਅਤੇ ਸਭ ਦੇ ਆਗੂ ਹੁੰਦੇ ਹਨ।
ਅਕਾਲ ਪੁਰਖ ਦੀ ਦਰਗਾਹ ਵਿਚ ਭੀ ਉਹ ਪੰਚ ਜਨ ਹੀ ਆਦਰ ਪਾਂਦੇ ਹਨ।
ਰਾਜ-ਦਰਬਾਰਾਂ ਵਿਚ ਭੀ ਉਹ ਪਂਚ ਜਨ ਹੀ ਸੋਭਦੇ ਹਨ।
ਇਹਨਾਂ ਪੰਚ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇਕ ਗੁਰੂ ਹੀ ਹੈ (ਭਾਵ, ਇਹਨਾਂ ਦੀ ਸੁਰਤ ਗੁਰ-ਸ਼ਬਦ ਵਿਚ ਹੀ ਰਹਿਂਦੀ ਹੈ, ਗੁਰ-ਸ਼ਬਦ ਵਿਚ ਜੁੜੇ ਰਹਿੰਦਾ ਹੀ ਇਹਨਾਂ ਦਾ ਅਸਲ ਨਿਸ਼ਾਨਾ ਹੈ)।
ਭਾਵੇਂ ਕੋਈ ਕਥਨ ਕਰ ਵੇਖੇ ਤੇ ਵਿਚਾਰ ਕਰ ਲਏ,
ਅਕਾਲ-ਪੁਰਖ ਦੀ ਕੁਦਰਤਿ ਦਾ ਕੋਈ ਲੇਖਾ ਹੀ ਨਹੀਂ (ਭਾਵ, ਅੰਤ ਨਹੀਂ ਪੈ ਸਕਦਾ) ਪਰ (ਗੁਰ-ਸ਼ਬਦ ਵਿਚ ਜੁੜੇ ਰਹਿਣ ਦਾ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ ਕੋਈ ਮਨੁੱਖ ਪ੍ਰਭੂ ਦੀ ਰਚੀ ਸਿਸ਼੍ਰਟੀ ਦਾ ਅੰਤ ਪਾ ਸਕੇ। ਪਰਮਾਤਮਾ ਤੇ ਉਸ ਦੀ ਕੁਦਰਤਿ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਹੋ ਹੀ ਨਹੀਂ ਸਕਦਾ)
(ਅਕਾਲ ਪੁਰਖ ਦਾ) ਧਰਮ-ਰੂਪੀ ਬੱਝਵਾਂ ਨਿਯਮ ਹੀ ਬਲਦ ਹੈ (ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ)। (ਇਹ ਧਰਮ) ਦਇਆ ਦਾ ਪੁੱਤਰ ਹੈ (ਭਾਵ, ਅਕਾਲ ਪੁਰਖ ਨੇ ਆਪਣੀ ਮਿਹਰ ਕਰ ਕੇ ਸ੍ਰਿਸ਼ਟੀ ਨੂੰ ਟਿਕਾ ਰੱਖਣ ਲਈ 'ਧਰਮ' ਰੂਪ ਨਿਯਮ ਬਣਾ ਦਿੱਤਾ ਹੈ)।
ਇਸ ਧਰਮ ਨੇ ਆਪਣੀ ਮਰਯਾਦਾ ਅਨੁਸਾਰ ਸੰਤੋਖੁ ਨੂੰ ਜਨਮ ਦੇ ਦਿੱਤਾ ਹੈ।
ਜੇ ਕੋਈ ਮਨੁੱਖ (ਇਸ ਉਪਰ-ਦੱਸੀ ਵਿਚਾਰ ਨੂੰ) ਸਮਝ ਲਏ, ਤਾਂ ਉਹ ਇਸ ਯੋਗ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਅਕਾਲ ਪੁਰਖ ਦਾ ਪਰਕਾਸ਼ ਹੋ ਜਾਏ।
(ਨਹੀਂ ਤਾਂ, ਖ਼ਿਆਲ ਤਾਂ ਕਰੋ ਕਿ) ਬਲਦ ਉੱਤੇ ਧਰਤੀ ਦਾ ਕਿਤਨਾ ਕੁ ਬੇਅੰਤ ਭਾਰ ਹੈ (ਉਹ ਵਿਚਾਰਾ ਇਤਨੇ ਭਾਰ ਨੂੰ ਚੁੱਕ ਕਿਵੇਂ ਸਕਦਾ ਹੈ?)
(ਦੂਜੀ ਵਿਚਾਰ ਹੋਰ ਹੈ ਕਿ ਜੇ ਧਰਤੀ ਦੇ ਹੇਠ ਬਲਦ ਹੈ, ਉਸ ਬਲਦ ਨੂੰ ਸਹਾਰਾ ਦੇਣ ਲਈ ਹੇਠ ਹੋਰ ਧਰਤੀ ਹੋਈ, ਉਸ) ਧਰਤੀ ਦੇ ਹੇਠਾਂ ਹੋਰ ਬਲਦ, ਉਸ ਤੋਂ ਹੇਠਾਂ (ਧਰਤੀ ਦੇ ਹੇਠ) ਹੋਰ ਬਲਦ, ਫੇਰ ਹੋਰ ਬਲਦ;
(ਇਸੇ ਤਰ੍ਹਾਂ ਅਖ਼ੀਰਲੇ) ਬਲਦ ਤੋਂ ਭਾਰ (ਸਹਾਰਨ ਲਈ ਉਸ ਦੇ) ਹੇਠ ਕਿਹੜਾ ਆਸਰਾ ਹੋਵੇਗਾ?