ਉਹ ਦਰ-ਘਰ ਬੜਾ ਹੀ ਅਸਚਰਜ ਹੈ ਜਿੱਥੇ ਬਹਿ ਕੇ, (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।
(ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।
ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ (ਇਹਨਾਂ ਰਾਗਾਂ ਦੇ) ਗਾਉਣ ਵਾਲੇ ਹਨ (ਜੋ ਤੈਨੂੰ ਗਾ ਰਹੇ ਹਨ)!
(ਹੇ ਨਿਰੰਕਾਰ!) ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ 'ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ।
ਉਹ ਚਿੱਤਰ-ਗੁਪਤ ਭੀ ਜੋ (ਜੀਵਾਂ ਦੇ ਚੰਗੇ-ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ, ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ-ਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।
(ਹੇ ਅਕਾਲ ਪੁਰਖ!) ਦੇਵੀਆਂ, ਸ਼ਿਵ ਤੇ ਬ੍ਰਹਮਾ, ਜੋ ਤੇਰੇ ਸਵਾਰੇ ਹੋਏ ਹਨ, ਤੈਨੂੰ ਗਾ ਰਹੇ ਹਨ।
ਕਈ ਇੰਦਰ ਆਪਣੇ ਤਖ਼ਤ 'ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ 'ਤੇ ਤੈਨੂੰ ਸਲਾਹ ਰਹੇ ਹਨ।
ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਲਾਹ ਰਹੇ ਹਨ।
ਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।
(ਹੇ ਅਕਾਲ ਪੁਰਖ!) ਪੰਡਿਤ ਤੇ ਮਹਾਂਰਿਖੀ ਜੋ (ਵੇਦਾਂ ਨੂੰ) ਪੜ੍ਹਦੇ ਹਨ, ਵੇਦਾਂ ਸਣੇ ਤੈਨੂੰ ਗਾ ਰਹੇ ਹਨ।
ਸੁੰਦਰ ਇਸਤ੍ਰੀਆਂ, ਜੋ ਸੁਰਗ, ਮਾਤ-ਲੋਕ ਤੇ ਪਾਤਾਲ ਵਿਚ (ਭਾਵ, ਹਰ ਥਾਂ) ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾ ਰਹੀਆਂ ਹਨ।
(ਹੇ ਨਿਰੰਕਾਰ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ।
ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।
ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ, ਜੋ ਤੂੰ ਪੈਦਾ ਕਰ ਕੇ ਟਿਕਾ ਰਖੇ ਹਨ, ਤੈਨੂੰ ਗਾਉਂਦੇ ਹਨ।
(ਹੇ ਅਕਾਲ ਪੁਰਖ!) (ਅਸਲ ਵਿਚ ਤਾਂ) ਉਹੋ ਤੇਰੇ ਪ੍ਰੇਮ ਵਿਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ (ਭਾਵ, ਉਹਨਾਂ ਦਾ ਹੀ ਗਾਉਣਾ ਸਫਲ ਹੈ) ਜੋ ਤੈਨੂੰ ਚੰਗੇ ਲੱਗਦੇ ਹਨ।
ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜਿਹੜੇ ਮੈਥੋਂ ਗਿਣੇ ਭੀ ਨਹੀਂ ਜਾ ਸਕਦੇ। (ਭਲਾ) ਨਾਨਕ (ਵਿਚਾਰਾ) ਕੀਹ ਵਿਚਾਰ ਕਰ ਸਕਦਾ ਹੈ?
ਉਹ ਅਕਾਲ ਪੁਰਖ ਸਦਾ-ਥਿਰ ਹੈ। ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ।
ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ। ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਮਰੇਗਾ।
ਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ।
ਉਹ ਜਿਵੇਂ ਉਸ ਦੀ ਰਜ਼ਾ ਹੈ, (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।
ਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਕਰੇਗਾ, ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ (ਉਸ ਨੂੰ ਇਹ ਨਹੀਂ ਆਖ ਸਕਦੇ-'ਇਉਂ ਨ ਕਰੀਂ, ਇਉਂ ਕਰ')।
ਅਕਾਲ ਪੁਰਖ ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ (ਹੀ ਫਬਦਾ ਹੈ) ॥੨੭॥
ਗੁਰੂ ਨਾਨਕ ਦੇਵ ਜੀ ਦੁਆਰਾ 15 ਵੀਂ ਸਦੀ ਵਿੱਚ ਉਚਾਰਣ ਕੀਤੀ ਬਾਣੀ, ਜਪੁਜੀ ਸਾਹਿਬ ਪ੍ਰਮਾਤਮਾ ਦੀ ਸਭ ਤੋਂ ਡੂੰਘੀ ਵਿਆਖਿਆ ਹੈ। ਇਕ ਸਰਬ ਵਿਆਪੀ ਬਾਣੀ ਜੋ ਮੂਲ ਮੰਤਰ ਨਾਲ ਸ਼ੁਰੂ ਹੁੰਦੀ ਹੈ। ਇਸ ਵਿਚ 38 ਪਉੜੀਆਂ ਅਤੇ 1 ਸ਼ਲੋਕ ਹਨ, ਇਹ ਪ੍ਰਮਾਤਮਾ ਨੂੰ ਸਭ ਤੋਂ ਸ਼ੁੱਧ ਰੂਪ ਵਿਚ ਬਿਆਨ ਕਰਦੀ ਹੈ।