ਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਪੰਜ-ਬੰਦਾਂ-ਦੋ-ਤੁਕਿਆਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਮੂਰਤੀ ਅੱਗੇ ਭੇਟ ਧਰਨ ਲਈ) ਮਾਲਣ ਪੱਤਰ ਤੋੜਦੀ ਹੈ, (ਪਰ ਇਹ ਨਹੀਂ ਜਾਣਦੀ ਕਿ) ਹਰੇਕ ਪੱਤਰ ਵਿਚ ਜਿੰਦ ਹੈ।
ਜਿਸ ਪੱਥਰ (ਦੀ ਮੂਰਤੀ) ਦੇ ਖ਼ਾਤਰ (ਮਾਲਣ) ਪੱਤਰ ਤੋੜਦੀ ਹੈ, ਉਹ ਪੱਥਰ (ਦੀ ਮੂਰਤੀ) ਨਿਰਜਿੰਦ ਹੈ ॥੧॥
(ਇਕ ਨਿਰਜਿੰਦ ਮੂਰਤੀ ਦੀ ਸੇਵਾ ਕਰ ਕੇ) ਇਸ ਤਰ੍ਹਾਂ (ਇਹ) ਮਾਲਣ ਭੁੱਲ ਰਹੀ ਹੈ,
(ਅਸਲੀ ਇਸ਼ਟ) ਸਤਿਗੁਰੂ ਤਾਂ (ਜੀਉਂਦਾ) ਜਾਗਦਾ ਦੇਵਤਾ ਹੈ ॥੧॥ ਰਹਾਉ ॥
(ਹੇ ਮਾਲਣ!) ਪੱਤਰ ਬ੍ਰਹਮਾ-ਰੂਪ ਹਨ, ਡਾਲੀ ਵਿਸ਼ਨੂ-ਰੂਪ ਅਤੇ ਫੁੱਲ ਸ਼ਿਵ-ਰੂਪ;
ਇਹਨਾਂ ਤਿੰਨ ਦੇਵਤਿਆਂ ਨੂੰ ਤਾਂ ਤੂੰ ਆਪਣੇ ਸਾਹਮਣੇ ਨਾਸ ਕਰ ਰਹੀ ਹੈਂ, (ਫਿਰ) ਸੇਵਾ ਕਿਸ ਦੀ ਕਰਦੀ ਹੈਂ? ॥੨॥
(ਮੂਰਤੀ ਘੜਨ ਵਾਲੇ ਨੇ) ਪੱਥਰ ਘੜ ਕੇ, ਤੇ (ਘੜਨ ਵੇਲੇ ਮੂਰਤੀ ਦੀ) ਛਾਤੀ ਉੱਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ।
ਜੇ ਇਹ ਮੂਰਤੀ ਹੀ ਅਸਲੀ ਦੇਵਤਾ ਹੈ ਤਾਂ (ਇਸ ਨਿਰਾਦਰੀ ਦੇ ਕਾਰਨ) ਘੜਨ ਵਾਲੇ ਨੂੰ ਹੀ ਖਾ ਜਾਂਦੀ ॥੩॥
ਭੱਤ, ਦਾਲ, ਲੱਪੀ ਅਤੇ ਮੁਰਕਣੀ ਪੰਜੀਰੀ ਤਾਂ-
ਛਕਣ ਵਾਲਾ (ਪੁਜਾਰੀ ਹੀ) ਛਕ ਜਾਂਦਾ ਹੈ, ਇਸ ਮੂਰਤੀ ਦੇ ਮੂੰਹ ਵਿਚ ਕੁਝ ਭੀ ਨਹੀਂ ਪੈਂਦਾ (ਕਿਉਂਕਿ ਇਹ ਤਾਂ ਨਿਰਜਿੰਦ ਹੈ, ਖਾਵੇ ਕਿਵੇਂ?) ॥੪॥
ਮਾਲਣ (ਮੂਰਤੀ ਪੂਜਣ ਦੇ) ਭੁਲੇਖੇ ਵਿਚ ਪਈ ਹੈ, ਜਗਤ ਭੀ ਇਹੀ ਟਪਲਾ ਖਾ ਰਿਹਾ ਹੈ, ਪਰ ਅਸਾਂ ਇਹ ਗ਼ਲਤੀ ਨਹੀਂ ਖਾਧੀ,
ਕਬੀਰ ਆਖਦਾ ਹੈ- ਕਿਉਂਕਿ ਪਰਮਾਤਮਾ ਨੇ ਆਪਣੀ ਮਿਹਰ ਕਰ ਕੇ ਸਾਨੂੰ ਇਸ ਭੁਲੇਖੇ ਤੋਂ ਬਚਾ ਲਿਆ ਹੈ ॥੫॥੧॥੧੪॥
ਰਾਗ ਆਸਾ ਸੰਪੂਰਨ ਸੁਰਾਂ ਵਾਲਾ ਪੰਜਾਬ ਦਾ ਪ੍ਰਸਿੱਧ ਲੋਕ ਰਾਗ ਹੈ। ਇਹ ਬਿਲਾਵਲ ਥਾਟ ਦਾ ਰਾਗ ਹੈ ਜਿਸ ਵਿੱਚ ਮੱਧਮ (ਮਾ) ਵਾਦੀ ਅਤੇ ਸ਼ੜਜ (ਸਾ) ਸੰਵਾਦੀ ਹੈ। ਆਰੋਹੀ ਵਿੱਚ ਗੰਧਾਰ ਅਤੇ ਨਿਸ਼ਾਧ ਸਵਰ ਵਰਜਿਤ ਹਨ। ਇਸ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਹੀ ਮੰਨੀ ਜਾਂਦੀ ਹੈ ਭਾਵ ਆਰੋਹੀ ਕ੍ਰਮ ਵਿਚ ਸਪਤਕ ਦੇ ਪੰਜ ਸਵਰ ਤੇ ਅਵਰੋਹੀ ਕ੍ਰਮ ਵਿਚ ਸੱਤ ਸਵਰ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦੇ ਗਾਇਨ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼ ਦਾ ਸਮਾਂ ਹੈ।