(ਜੋ) ਦੇਹਰਹਿਤ, ਸਭ ਨਾਲ ਸਨੇਹ ਕਰਨ ਵਾਲਾ, ਮੋਹ ਤੋਂ ਵਿਰਕਤ, ਘਰ ਤੋਂ ਬਿਨਾ ਅਤੇ ਨਾਸ਼ ਤੋਂ ਰਹਿਤ ਹੈ।
(ਜੋ) ਚੇਤਨ ਜੀਵਾਂ ਨੂੰ ਦਿੰਦਾ ਹੈ, ਜੜ ਵਸਤੂਆਂ ਨੂੰ ਦਿੰਦਾ ਹੈ, ਜ਼ਮੀਨ (ਵਿਚ ਰਹਿਣ ਵਾਲਿਆਂ) ਨੂੰ ਦਿੰਦਾ ਹੈ, ਆਕਾਸ਼ (ਵਿਚ ਵਿਚਰਨ ਵਾਲਿਆਂ ਨੂੰ) ਦਿੰਦਾ ਹੈ।
(ਹੇ ਪ੍ਰਾਣੀ! ਤੂੰ) ਕਿਉਂ ਡੋਲ ਰਿਹਾ ਹੈ, ਤੇਰੀ ਖ਼ਬਰ ਸੁੰਦਰ ਪਰਮਾਤਮਾ ਲੈ ਰਿਹਾ ਹੈ ॥੫॥੨੪੭॥
(ਉਹ) ਰੋਗਾਂ ਤੋਂ, ਸੋਗਾਂ ਤੋਂ, ਜਲ ਦੇ ਜੀਵ-ਜੰਤੂਆਂ ਤੋਂ ਅਨੇਕ ਢੰਗਾਂ ਨਾਲ ਬਚਾਉਂਦਾ ਹੈ।
ਵੈਰੀ ਅਨੇਕ ਵਾਰ (ਹਥਿਆਰ) ਚਲਾਵੇ, (ਪਰ) ਤਾਂ ਵੀ ਉਸ ਦੇ ਸ਼ਰੀਰ ਉਤੇ ਇਕ ਨਹੀਂ ਲਗ ਸਕਦਾ।
(ਉਹ ਸਭ ਨੂੰ) ਆਪਣਾ ਹੱਥ ਦੇ ਕੇ ਰਖਦਾ ਹੈ ਅਤੇ ਸਾਰੇ ਪਾਪ ਉਸ ਤਕ ਪਹੁੰਚ ਹੀ ਨਹੀਂ ਸਕਦੇ।
(ਹੇ ਜਿਗਿਆਸੂ!) ਤੈਨੂੰ ਹੋਰਾਂ ਦੀ ਗੱਲ ਕੀ ਕਹਾਂ, ਉਹ (ਮਾਤਾ ਦੇ) ਪੇਟ ਵਿਚ ਗਰਭ ਦੌਰਾਨ ਵੀ ਬਚਾਉਂਦਾ ਹੈ ॥੬॥੨੪੮॥
(ਹੇ ਪ੍ਰਭੂ!) ਯਕਸ਼, ਸੱਪ, ਦੈਂਤ ਅਤੇ ਦੇਵਤੇ ਆਦਿ ਸਾਰੇ ਤੁਹਾਨੂੰ ਅਭੇਦ ਕਰ ਕੇ ਧਿਆਉਂਦੇ ਹਨ।
ਭੂਮੀ, ਆਕਾਸ਼, ਪਾਤਾਲ, ਰਸਾਤਲ ਆਦਿ (ਵਿਚ ਵਸਣ ਵਾਲੇ ਸਾਰੇ ਜੀਵ) ਅਤੇ ਯਕਸ਼, ਸੱਪ ਆਦਿ ਸਾਰੇ (ਤੈਨੂੰ) ਸੀਸ ਨਿਵਾਉਂਦੇ ਹਨ।
ਕੋਈ ਵੀ (ਤੇਰੀ) ਪ੍ਰਭੁਤਾ ਦਾ ਪਾਰ ਨਹੀਂ ਪਾ ਸਕਦਾ ਅਤੇ ਵੇਦ ਵੀ (ਤੈਨੂੰ) ਬੇਅੰਤ ਬੇਅੰਤ ਕਹਿੰਦੇ ਹਨ।
ਸਾਰੇ ਖੋਜੀ ਦੇਵਤੇ ਖੋਜ ਕਰਦੇ ਥਕ ਗਏ, ਹਾਰ ਗਏ, (ਪਰ) ਪ੍ਰਭੂ ਕਿਸੇ ਦੇ ਵੀ (ਹੱਥ) ਨਹੀਂ ਆਇਆ ॥੭॥੨੪੯॥
ਨਾਰਦ ਵਰਗਿਆਂ, ਬ੍ਰਹਮਾ ਜਿਹਿਆਂ, ਰੋਮਹਰਸ਼ਣ ਰਿਸ਼ੀ ਵਰਗਿਆਂ ਸਭਨਾਂ ਨੇ ਮਿਲ ਕੇ ਯਸ਼ ਗਾਇਆ ਹੈ।
ਵੇਦਾਂ, ਕਤੇਬਾਂ (ਦੇ ਪੜ੍ਹਨ ਵਾਲਿਆਂ ਨੇ) ਉਸ ਨੂੰ ਵੇਖਿਆ ਨਹੀਂ। ਸਭ (ਯਤਨ ਕਰ ਕਰ ਕੇ) ਹਾਰ ਗਏ ਹਨ, ਪਰ ਪਰਮਾਤਮਾ ਕਿਸੇ ਦੇ ਵੀ ਹੱਥ ਨਹੀਂ ਆਇਆ।
(ਉਸ ਦਾ) ਅੰਤ ਸ਼ਿਵ ਵੀ ਪ੍ਰਾਪਤ ਨਹੀਂ ਕਰ ਸਕਿਆ, ਸਿੱਧਾਂ, ਨਾਥਾਂ ਸਹਿਤ ਬ੍ਰਹਮਾ-ਪੁੱਤਰਾਂ ਨੇ ਵੀ ਸਿਮਰਨ ਕੀਤਾ ਹੈ।
(ਹੇ ਪ੍ਰਾਣੀ!) ਉਸ ਦਾ ਮਨ ਵਿਚ ਧਿਆਨ ਧਰੋ ਕਿਉਂਕਿ ਉਸ ਦਾ ਅਮਿਤ ਤੇਜ ਸਾਰੇ ਜਗਤ ਵਿਚ ਪਸਰਿਆ ਹੋਇਆ ਹੈ ॥੮॥੨੫੦॥
ਵੇਦ, ਪੁਰਾਣ, ਕਤੇਬ, ਕੁਰਾਨ ਅਤੇ ਰਾਜੇ ਨਾ ਭੇਦੇ ਜਾ ਸਕਣ ਵਾਲੇ ਪਰਮਾਤਮਾ (ਨੂੰ ਪ੍ਰਾਪਤ ਕਰਨ ਦਾ ਯਤਨ ਕਰਦੇ ਰਹੇ ਪਰ) ਥਕ ਗਏ।
ਉਸ ਅਭੇਦ ਪਰਮਾਤਮਾ ਦੇ ਭੇਦ ਨੂੰ ਪ੍ਰਾਪਤ ਨਾ ਕਰ ਸਕੇ, ਉਹ ਦੁਖੀ ਹੋ ਕੇ (ਉਸ ਪਰਮ ਸੱਤਾ ਨੂੰ) 'ਅਛੇਦ' (ਨਾਂ ਨਾਲ) ਯਾਦ ਕਰਦੇ ਹਨ।
(ਜਿਸ ਦਾ) ਨਾ ਰਾਗ ਹੈ, ਨਾ ਰੂਪ-ਰੇਖਾ ਹੈ, ਨਾ ਕੋਈ ਰੰਗ ਹੈ, ਨਾ ਸਾਕ ਹੈ, ਨਾ ਸੋਗ ਹੈ, ਉਹ ਪ੍ਰਭੂ ਸਦਾ ਤੇਰੇ ਸੰਗ ਹੈ।
(ਜੋ) ਆਦਿ, ਅਨਾਦਿ, ਅਗਾਧ, ਅਭੇਖ, ਅਦ੍ਵੈਸ਼ (ਪ੍ਰਭੂ) ਨੂੰ ਜਪਦਾ ਹੈ, ਉਹ ਆਪਣੀ ਕੁਲ ਹੀ ਤਾਰ ਲੈਂਦਾ ਹੈ ॥੯॥੨੫੧॥
(ਕੋਈ ਜਿਗਿਆਸੂ ਭਾਵੇਂ) ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰੇ, ਬਹੁਤ ਦਾਨ ਦੇਵੇ ਅਤੇ ਮਹਾਨ ਬ੍ਰਤ ਧਾਰਨ ਕਰੇ;