ਬਿਰਥੀ ਸਾਕਤ ਕੀ ਆਰਜਾ ॥

(ਰੱਬ ਨਾਲੋਂ) ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਜਾਂਦੀ ਹੈ,

ਸਾਚ ਬਿਨਾ ਕਹ ਹੋਵਤ ਸੂਚਾ ॥

(ਕਿਉਂਕਿ) ਸੱਚੇ ਪ੍ਰਭੂ (ਦੇ ਨਾਮ) ਤੋਂ ਬਿਨਾ ਉਹ ਕਿਵੇਂ ਸੁੱਚਾ ਹੋ ਸਕਦਾ ਹੈ?

ਬਿਰਥਾ ਨਾਮ ਬਿਨਾ ਤਨੁ ਅੰਧ ॥

ਨਾਮ ਤੋਂ ਬਿਨਾ ਅੰਨ੍ਹੇ (ਸਾਕਤ) ਦਾ ਸਰੀਰ (ਹੀ) ਕਿਸੇ ਕੰਮ ਨਹੀਂ,

ਮੁਖਿ ਆਵਤ ਤਾ ਕੈ ਦੁਰਗੰਧ ॥

(ਕਿਉਂਕਿ) ਉਸ ਦੇ ਮੂੰਹ ਵਿਚੋਂ (ਨਿੰਦਾ ਆਦਿਕ) ਬਦ-ਬੂ ਆਉਂਦੀ ਹੈ।

ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥

ਜਿਵੇਂ ਵਰਖਾ ਤੋਂ ਬਿਨਾ ਪੈਲੀ ਨਿਸਫਲ ਜਾਂਦੀ ਹੈ,

ਮੇਘ ਬਿਨਾ ਜਿਉ ਖੇਤੀ ਜਾਇ ॥

(ਤਿਵੇਂ) ਸਿਮਰਨ ਤੋਂ ਬਿਨਾ (ਸਾਕਤ ਦੇ) ਦਿਨ ਰਾਤ ਅੱਫਲ ਚਲੇ ਜਾਂਦੇ ਹਨ,

ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥

ਪ੍ਰਭੂ ਦੇ ਭਜਨ ਤੋਂ ਸੱਖਣਾ ਰਹਿਣ ਕਰਕੇ (ਮਨੁੱਖ ਦੇ) ਸਾਰੇ ਹੀ ਕੰਮ ਕਿਸੇ ਅਰਥ ਨਹੀਂ,

ਜਿਉ ਕਿਰਪਨ ਕੇ ਨਿਰਾਰਥ ਦਾਮ ॥

(ਕਿਉਂਕਿ ਇਹ ਕੰਮ ਇਸ ਦਾ ਆਪਣਾ ਕੁਝ ਨਹੀਂ ਸਵਾਰਦੇ) ਜਿਵੇਂ ਕੰਜੂਸ ਦਾ ਧਨ ਉਸ ਦੇ ਆਪਣੇ ਕਿਸੇ ਕੰਮ ਨਹੀਂ।

ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥

ਉਹ ਮਨੁੱਖ ਮੁਬਾਰਿਕ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,

ਨਾਨਕ ਤਾ ਕੈ ਬਲਿ ਬਲਿ ਜਾਉ ॥੬॥

ਹੇ ਨਾਨਕ! (ਆਖ ਕਿ) ਮੈਂ ਉਹਨਾਂ (ਗੁਰਮੁਖਾਂ) ਤੋਂ ਸਦਕੇ ਜਾਂਦਾ ਹਾਂ ॥੬॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਗਉੜੀ
ਲਿਖਾਰੀ: ਗੁਰੂ ਅਰਜਨ ਦੇਵ ਜੀ
ਅੰਗ: 269
ਲੜੀ ਸੰਃ: 3 - 6

ਰਾਗੁ ਗਉੜੀ

ਰਾਗੁ ਗਉੜੀ ਸੁਣਨ ਵਾਲੇ ਨੂੰ ਇੱਕ ਉਦੇਸ਼ ਪ੍ਰਾਪਤੀ ਦੀ ਸਖਤ ਕੋਸ਼ਿਸ਼ ਕਰਨ ਲਈ ਉਤਸ਼ਾਹਤ ਕਰਦਾ ਹੈ। ਹਾਲਾਂਕਿ, ਰਾਗ ਦੁਆਰਾ ਦਿੱਤਾ ਉਤਸ਼ਾਹ ਹਉਮੈ ਨੂੰ ਵਧਣ ਨਹੀਂ ਦਿੰਦਾ। ਇਹ, ਇਸ ਲਈ, ਇੱਕ ਮਾਹੌਲ ਪੈਦਾ ਕਰਦਾ ਹੈ ਜਿੱਥੇ ਸੁਣਨ ਵਾਲੇ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ, ਪਰ ਫਿਰ ਵੀ ਹੰਕਾਰੀ ਅਤੇ ਸਵੈ-ਮਹੱਤਵਪੂਰਣ ਬਣਨ ਤੋਂ ਰੋਕ ਦਿੰਦਾ ਹੈ।