ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ।
ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ 'ਤੇ) ਸ਼ੋਭਾ ਮਿਲਦੀ ਹੈ।
ਰੱਬ ਦੇ ਹੁਕਮ ਵਿਚ ਕੋਈ ਮਨੁੱਖ ਚੰਗਾ (ਬਣ ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ ਦੁੱਖ ਤੇ ਸੁਖ ਭੋਗੀਦੇ ਹਨ।
ਹੁਕਮ ਵਿਚ ਹੀ ਕਦੀ ਮਨੁੱਖਾਂ ਉੱਤੇ (ਅਕਾਲ ਪੁਰਖ ਦੇ ਦਰ ਤੋਂ) ਬਖ਼ਸ਼ਸ਼ ਹੁੰਦੀ ਹੈ, ਅਤੇ ਉਸ ਦੇ ਹੁਕਮ ਵਿਚ ਹੀ ਕਈ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਭਵਾਈਦੇ ਹਨ।
ਹਰੇਕ ਜੀਵ ਰੱਬ ਦੇ ਹੁਕਮ ਵਿਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ।
ਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ ਸੁਆਰਥੀ ਜੀਵਨ ਛੱਡ ਦੇਂਦਾ ਹੈ) ॥੨॥
ਗੁਰੂ ਨਾਨਕ ਦੇਵ ਜੀ ਦੁਆਰਾ 15 ਵੀਂ ਸਦੀ ਵਿੱਚ ਉਚਾਰਣ ਕੀਤੀ ਬਾਣੀ, ਜਪੁਜੀ ਸਾਹਿਬ ਪ੍ਰਮਾਤਮਾ ਦੀ ਸਭ ਤੋਂ ਡੂੰਘੀ ਵਿਆਖਿਆ ਹੈ। ਇਕ ਸਰਬ ਵਿਆਪੀ ਬਾਣੀ ਜੋ ਮੂਲ ਮੰਤਰ ਨਾਲ ਸ਼ੁਰੂ ਹੁੰਦੀ ਹੈ। ਇਸ ਵਿਚ 38 ਪਉੜੀਆਂ ਅਤੇ 1 ਸ਼ਲੋਕ ਹਨ, ਇਹ ਪ੍ਰਮਾਤਮਾ ਨੂੰ ਸਭ ਤੋਂ ਸ਼ੁੱਧ ਰੂਪ ਵਿਚ ਬਿਆਨ ਕਰਦੀ ਹੈ।