(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ,
ਗੁਰੂ ਦੀ ਕਿਰਪਾ ਨਾਲ (ਉਹ ਮਨੁੱਖਾ ਜਨਮ ਦੀ ਕਦਰ) ਸਮਝ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਗਏ ॥੧॥
(ਹੇ ਭਾਈ!) ਉਹਨਾਂ ਮਨੁੱਖਾਂ ਨੇ ਹੀ ਪਰਮਾਤਮਾ ਦੇ ਨਾਮ ਸਿਮਰਨ ਦਾ ਕਮਾਈ ਕੀਤੀ ਹੈ ਜਿਨ੍ਹਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਇਹ ਕਮਾਈ ਕਰਨ ਦਾ ਲੇਖ ਲਿਖਿਆ ਹੋਇਆ ਹੈ (ਜਿਨ੍ਹਾਂ ਦੇ ਅੰਦਰ ਸਿਮਰਨ ਕਰਨ ਦੇ ਸੰਸਕਾਰ ਮੌਜੂਦ ਹਨ)।
ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੱਦਿਆ ਜਾਂਦਾ ਹੈ (ਆਦਰ ਮਿਲਦਾ ਹੈ) ॥੧॥ ਰਹਾਉ ॥
(ਹੇ ਭਾਈ!) ਨਾਮ-ਖ਼ਜ਼ਾਨਾ ਹਰੇਕ ਮਨੁੱਖ ਦੇ ਅੰਦਰ ਮੌਜੂਦ ਹੈ, ਪਰ ਇਹ ਲੱਭਦਾ ਹੈ ਗੁਰੂ ਦੀ ਸਰਨ ਪਿਆਂ।
(ਇਸ ਵਾਸਤੇ) ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ ਕੇ (ਆਉ, ਗੁਰੂ ਦੀ ਰਾਹੀਂ) ਪਰਮਾਤਮਾ ਦੇ ਗੁਣ ਗਾਂਦੇ ਰਹੀਏ ॥੨॥
(ਹੇ ਭਾਈ!) ਨਾਮ-ਪਦਾਰਥ ਹਰੇਕ ਦੇ ਅੰਦਰ ਹੈ (ਪਰਮਾਤਮਾ ਵਾਲੇ) ਅਨੇਕਾਂ (ਗੁਣ) ਹਰੇਕ ਦੇ ਅੰਦਰ ਹਨ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਕੁਝ ਭੀ ਨਹੀਂ ਲੱਭਦਾ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀ ਹਉਮੈ ਦੇ ਕਾਰਨ (ਆਪਣੀ ਸੂਝ-ਬੂਝ ਦਾ ਹੀ) ਅਹੰਕਾਰ ਕਰਦਾ ਰਹਿੰਦਾ ਹੈ, (ਤੇ ਇਸ ਤਰ੍ਹਾਂ) ਆਪ ਹੀ (ਪਰਮਾਤਮਾ ਤੋਂ) ਵਿਛੁੜਿਆ ਰਹਿੰਦਾ ਹੈ ॥੩॥
ਹੇ ਨਾਨਕ! ਮਨਮੁਖ ਮਨੁੱਖ ਸਦਾ ਆਪ ਹੀ (ਆਪਣੀ ਹੀ ਮਨਮੁਖਤਾ ਦੇ ਕਾਰਨ) ਪਰਮਾਤਮਾ ਤੋਂ ਵਿੱਛੁੜਿਆ ਰਹਿੰਦਾ ਹੈ।
ਗੁਰੂ ਦੀ ਮਤਿ ਤੇ ਤੁਰਿਆਂ ਮਨ ਵਿਚ ਚਾਨਣ ਹੋ ਜਾਂਦਾ ਹੈ, ਤੇ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪੈਂਦਾ ਹੈ ॥੪॥੧੩॥੬੫॥
ਰਾਗ ਆਸਾ ਸੰਪੂਰਨ ਸੁਰਾਂ ਵਾਲਾ ਪੰਜਾਬ ਦਾ ਪ੍ਰਸਿੱਧ ਲੋਕ ਰਾਗ ਹੈ। ਇਹ ਬਿਲਾਵਲ ਥਾਟ ਦਾ ਰਾਗ ਹੈ ਜਿਸ ਵਿੱਚ ਮੱਧਮ (ਮਾ) ਵਾਦੀ ਅਤੇ ਸ਼ੜਜ (ਸਾ) ਸੰਵਾਦੀ ਹੈ। ਆਰੋਹੀ ਵਿੱਚ ਗੰਧਾਰ ਅਤੇ ਨਿਸ਼ਾਧ ਸਵਰ ਵਰਜਿਤ ਹਨ। ਇਸ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਹੀ ਮੰਨੀ ਜਾਂਦੀ ਹੈ ਭਾਵ ਆਰੋਹੀ ਕ੍ਰਮ ਵਿਚ ਸਪਤਕ ਦੇ ਪੰਜ ਸਵਰ ਤੇ ਅਵਰੋਹੀ ਕ੍ਰਮ ਵਿਚ ਸੱਤ ਸਵਰ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦੇ ਗਾਇਨ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼ ਦਾ ਸਮਾਂ ਹੈ।