ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ (ਮੁੰਦਾਵਣੀ)

(ਅੰਗ: 5)


ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥

ਜਗਤ ਮੰਗਤਾ (ਹੋ ਕੇ) ਭਟਕਦਾ ਫਿਰਦਾ ਹੈ (ਇਹ ਚੇਤਾ ਨਹੀਂ ਰੱਖਦਾ ਕਿ) ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ।

ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥੪੦॥

ਨਾਨਕ ਆਖਦਾ ਹੈ- ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫਲ ਹੁੰਦੇ ਰਹਿਣਗੇ ॥੪੦॥

ਝੂਠੈ ਮਾਨੁ ਕਹਾ ਕਰੈ ਜਗੁ ਸੁਪਨੇ ਜਿਉ ਜਾਨੁ ॥

(ਪਤਾ ਨਹੀਂ ਮਨੁੱਖ) ਨਾਸਵੰਤ ਦੁਨੀਆ ਦਾ ਮਾਨ ਕਿਉਂ ਕਰਦਾ ਰਹਿੰਦਾ ਹੈ।` ਜਗਤ ਨੂੰ ਸੁਪਨੇ (ਵਿਚ ਵੇਖੇ ਪਦਾਰਥਾਂ) ਵਾਂਗ (ਹੀ) ਸਮਝ ਰੱਖ।

ਇਨ ਮੈ ਕਛੁ ਤੇਰੋ ਨਹੀ ਨਾਨਕ ਕਹਿਓ ਬਖਾਨਿ ॥੪੧॥

(ਹੇ ਭਾਈ!) (ਮੈਂ) ਨਾਨਕ ਤੈਨੂੰ ਠੀਕ ਦੱਸ ਰਿਹਾ ਹਾਂ ਕਿ ਇਹਨਾਂ (ਦਿੱਸਦੇ ਪਦਾਰਥਾਂ) ਵਿਚ ਤੇਰਾ (ਅਸਲ ਸਾਥੀ) ਕੋਈ ਭੀ ਪਦਾਰਥ ਨਹੀਂ ਹੈ ॥੪੧॥

ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ ॥

ਹੇ ਮਿੱਤਰ! (ਜਿਸ) ਸਰੀਰ ਦਾ (ਮਨੁੱਖ ਸਦਾ) ਮਾਣ ਕਰਦਾ ਰਹਿੰਦਾ ਹੈ (ਕਿ ਇਹ ਮੇਰਾ ਆਪਣਾ ਹੈ, ਉਹ ਸਰੀਰ) ਇਕ ਛਿਨ ਵਿਚ ਹੀ ਨਾਸ ਹੋ ਜਾਂਦਾ ਹੈ। (ਹੋਰ ਪਦਾਰਥ ਦਾ ਮੋਹ ਤਾਂ ਕਿਤੇ ਰਿਹਾ, ਆਪਣੇ ਇਸ ਸਰੀਰ ਦਾ ਮੋਹ ਭੀ ਝੂਠਾ ਹੀ ਹੈ)।

ਜਿਹਿ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਜੀਤਿ ॥੪੨॥

ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਉਸ ਨੇ ਜਗਤ (ਦੇ ਮੋਹ) ਨੂੰ ਜਿੱਤ ਲਿਆ ॥੪੨॥

ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਸਿਮਰਨ (ਟਿਕਿਆ ਰਹਿੰਦਾ ਹੈ) ਉਸ ਮਨੁੱਖ ਨੂੰ (ਮੋਹ ਦੇ ਜਾਲ ਤੋਂ) ਬਚਿਆ ਹੋਇਆ ਸਮਝ।

ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੪੩॥

ਹੇ ਨਾਨਕ! ਇਹ ਗੱਲ ਠੀਕ ਮੰਨ ਕਿ ਉਸ ਮਨੁੱਖ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ॥੪੩॥

ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ ॥

ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਭਗਤੀ ਨਹੀਂ ਹੈ,

ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥੪੪॥

ਹੇ ਨਾਨਕ! ਉਸ ਦਾ ਸਰੀਰ ਉਹੋ ਜਿਹਾ ਹੀ ਸਮਝ ਜਿਹੋ ਜਿਹਾ (ਕਿਸੇ) ਸੂਰ ਦਾ ਸਰੀਰ ਹੈ (ਜਾਂ ਕਿਸੇ) ਕੁੱਤੇ ਦਾ ਸਰੀਰ ਹੈ ॥੪੪॥

ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥

ਜਿਵੇਂ ਕੁੱਤਾ (ਆਪਣੇ) ਮਾਲਕ ਦਾ ਘਰ (ਘਰ ਦਾ ਬੂਹਾ) ਸਦਾ (ਮੱਲੀ ਰੱਖਦਾ ਹੈ) ਕਦੇ ਭੀ ਛੱਡਦਾ ਨਹੀਂ ਹੈ,

ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ ॥੪੫॥

ਹੇ ਨਾਨਕ! ਇਸੇ ਤਰੀਕੇ ਨਾਲ ਇਕ-ਮਨ ਹੋ ਕੇ ਇਕ-ਚਿੱਤ ਹੋ ਕੇ ਪਰਮਾਤਮਾ ਦਾ ਭਜਨ ਕਰਿਆ ਕਰੋ (ਕਿ ਉਸ ਦਾ ਦਰ ਕਦੇ ਛੱਡਿਆ ਹੀ ਨਾਹ ਜਾਏ) ॥੪੫॥

ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥

(ਪਰਮਾਤਮਾ ਦਾ ਭਜਨ ਛੱਡ ਕੇ ਮਨੁੱਖ) ਤੀਰਥ-ਇਸ਼ਨਾਨ ਕਰ ਕੇ ਵਰਤ ਰੱਖ ਕੇ, ਦਾਨ-ਪੁੰਨ ਕਰ ਕੇ (ਆਪਣੇ) ਮਨ ਵਿਚ ਅਹੰਕਾਰ ਕਰਦਾ ਹੈ (ਕਿ ਮੈਂ ਧਰਮੀ ਬਣ ਗਿਆ ਹਾਂ)

ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥੪੬॥

(ਪਰ) ਹੇ ਨਾਨਕ! ਉਸ ਦੇ (ਇਹ ਸਾਰੇ ਕੀਤੇ ਹੋਏ ਕਰਮ ਇਉਂ) ਵਿਅਰਥ (ਚਲੇ ਜਾਂਦੇ ਹਨ) ਜਿਵੇਂ ਹਾਥੀ ਦਾ (ਦਾ ਕੀਤਾ ਹੋਇਆ) ਇਸ਼ਨਾਨ। (ਨੋਟ: ਹਾਥੀ ਨ੍ਹਾ ਕੇ ਸੁਆਹ ਮਿੱਟੀ ਆਪਣੇ ਉੱਤੇ ਪਾ ਲੈਂਦਾ ਹੈ) ॥੪੬॥

ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ ॥

(ਬੁਢੇਪਾ ਆ ਜਾਣ ਤੇ ਮਨੁੱਖ ਦਾ) ਸਿਰ ਕੰਬਣ ਲੱਗ ਪੈਂਦਾ ਹੈ (ਤੁਰਦਿਆਂ) ਪੈਰ ਥਿੜਕਦੇ ਹਨ, ਅੱਖਾਂ ਦੀ ਜੋਤਿ ਮਾਰੀ ਜਾਂਦੀ ਹੈ,

ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ ॥੪੭॥

ਨਾਨਕ ਆਖਦਾ ਹੈ- (ਬੁਢੇਪੇ ਨਾਲ ਸਰੀਰ ਦੀ) ਇਹ ਹਾਲਤ ਹੋ ਜਾਂਦੀ ਹੈ, ਫਿਰ ਭੀ (ਮਾਇਆ ਦਾ ਮੋਹ ਇਤਨਾ ਪ੍ਰਬਲ ਹੁੰਦਾ ਹੈ ਕਿ ਮਨੁੱਖ) ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਨਹੀਂ ਹੁੰਦਾ ॥੪੭॥

ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥

ਮੈਂ ਜਗਤ ਨੂੰ ਆਪਣਾ ਸਮਝ ਕੇ (ਹੀ ਹੁਣ ਤਕ) ਵੇਖਦਾ ਰਿਹਾ, (ਪਰ ਇਥੇ ਤਾਂ) ਕੋਈ ਕਿਸੇ ਦਾ ਭੀ (ਸਦਾ ਲਈ ਆਪਣਾ) ਨਹੀਂ ਹੈ।

ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥੪੮॥

ਹੇ ਨਾਨਕ! ਸਦਾ ਕਾਇਮ ਰਹਿਣ ਵਾਲੀ ਤਾਂ ਪਰਮਾਤਮਾ ਦੀ ਭਗਤੀ (ਹੀ) ਹੈ। ਇਸ (ਭਗਤੀ) ਨੂੰ (ਆਪਣੇ) ਮਨ ਵਿਚ ਪ੍ਰੋ ਰੱਖ ॥੪੮॥

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥

ਹੇ ਮਿੱਤਰ! ਇਹ ਗੱਲ ਸੱਚੀ ਜਾਣ ਕਿ ਜਗਤ ਦੀ ਸਾਰੀ ਹੀ ਰਚਨਾ ਨਾਸਵੰਤ ਹੈ।

ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥

ਨਾਨਕ ਆਖਦਾ ਹੈ ਕਿ ਰੇਤ ਦੀ ਕੰਧ ਵਾਂਗ (ਜਗਤ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ ॥੪੯॥