(ਜਿਸ ਮਨੁੱਖ ਦਾ) ਮਨ (ਹਰ ਵੇਲੇ) ਮਾਇਆ (ਦੇ ਮੋਹ) ਵਿਚ ਫਸਿਆ ਰਹਿੰਦਾ ਹੈ (ਜਿਸ ਨੂੰ) ਪਰਮਾਤਮਾ ਦਾ ਨਾਮ (ਸਦਾ) ਭੁੱਲਾ ਰਹਿੰਦਾ ਹੈ,
ਨਾਨਕ ਆਖਦਾ ਹੈ (ਦੱਸੋ) ਪਰਮਾਤਮਾ ਦੇ ਭਜਨ ਤੋਂ ਬਿਨਾ (ਉਸ ਦਾ) ਜੀਊਣਾ ਕਿਸ ਕੰਮ? ॥੩੦॥
ਮਾਇਆ ਦੇ ਮੋਹ ਵਿਚ (ਫਸ ਕੇ ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ (ਜਿਹੜਾ) ਮਨੁੱਖ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ,
ਨਾਨਕ ਆਖਦਾ ਹੈ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਉਸ ਨੂੰ (ਉਸ ਦੇ ਗਲ ਵਿਚ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ ॥੩੧॥
(ਦੁਨੀਆ ਵਿਚ ਤਾਂ) ਸੁਖ ਵੇਲੇ ਅਨੇਕਾਂ ਮੇਲੀ-ਗੇਲੀ ਬਣ ਜਾਂਦੇ ਹਨ, ਪਰ ਦੁੱਖ ਵਿਚ ਕੋਈ ਭੀ ਨਾਲ ਨਹੀਂ ਹੁੰਦਾ।
ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਪਰਮਾਤਮਾ) ਅੰਤ ਸਮੇ (ਭੀ) ਮਦਦਗਾਰ ਬਣਦਾ ਹੈ ॥੩੨॥
(ਪਰਮਾਤਮਾ ਦਾ ਸਿਮਰਨ ਭੁਲਾ ਕੇ ਜੀਵ) ਅਨੇਕਾਂ ਜਨਮਾਂ ਵਿਚ ਭਟਕਦਾ ਫਿਰਦਾ ਹੈ, ਜਮਾਂ ਦਾ ਡਰ (ਇਸ ਦੇ ਅੰਦਰੋਂ) ਮੁੱਕਦਾ ਨਹੀਂ।
ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਦਾ ਰਿਹਾ ਕਰ, (ਭਜਨ ਦੀ ਬਰਕਤਿ ਨਾਲ) ਤੂੰ ਉਸ ਪ੍ਰਭੂ ਵਿਚ ਨਿਵਾਸ ਪ੍ਰਾਪਤ ਕਰ ਲਏਂਗਾ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੩੩॥
ਹੇ ਭਗਵਾਨ! ਮੈਂ ਅਨੇਕਾਂ (ਹੋਰ ਹੋਰ) ਜਤਨ ਕਰ ਚੁੱਕਾ ਹਾਂ (ਉਹਨਾਂ ਜਤਨਾਂ ਨਾਲ) ਮਨ ਦਾ ਅਹੰਕਾਰ ਦੂਰ ਨਹੀਂ ਹੁੰਦਾ,
ਨਾਨਕ ਦਾ (ਇਹ ਮਨ) ਖੋਟੀ ਮੱਤ ਨਾਲ ਚੰਬੜਿਆ ਹੀ ਰਹਿੰਦਾ ਹੈ। ਹੇ ਭਗਵਾਨ! (ਤੂੰ ਆਪ ਹੀ) ਰੱਖਿਆ ਕਰ ॥੩੪॥
ਬਾਲ-ਅਵਸਥਾ, ਜੁਆਨੀ ਦੀ ਅਵਸਥਾ, ਅਤੇ ਫਿਰ ਬੁਢੇਪੇ ਦੀ ਅਵਸਥਾ-(ਉਮਰ ਦੀਆਂ ਇਹ) ਤਿੰਨ ਅਵਸਥਾ ਸਮਝ ਲੈ (ਜੋ ਮਨੁੱਖ ਤੇ ਆਉਂਦੀਆਂ ਹਨ)।
ਨਾਨਕ ਆਖਦਾ ਹੈ ਕਿ (ਪਰ ਇਹ) ਚੇਤੇ ਰੱਖ (ਕਿ) ਪਰਮਾਤਮਾ ਦੇ ਭਜਨ ਤੋਂ ਬਿਨਾ ਇਹ ਸਾਰੀਆਂ ਹੀ ਵਿਅਰਥ ਜਾਂਦੀਆਂ ਹਨ ॥੩੫॥
(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਰਹੇ ਹੇ ਮਨੁੱਖ! ਜੋ ਕੁਝ ਤੂੰ ਕਰਨਾ ਸੀ, ਉਹ ਤੂੰ ਨਾਹ ਕੀਤਾ (ਸਾਰੀ ਉਮਰ) ਤੂੰ ਲੋਭ ਦੀ ਫਾਹੀ ਵਿਚ (ਹੀ) ਫਸਿਆ ਰਿਹਾ।
ਹੇ ਨਾਨਕ! (ਜ਼ਿੰਦਗੀ ਦਾ ਸਾਰਾ) ਸਮਾ (ਇਸੇ ਤਰ੍ਹਾਂ ਹੀ) ਗੁਜ਼ਰ ਗਿਆ। ਹੁਣ ਕਿਉਂ ਰੋਂਦਾ ਹੈਂ? (ਹੁਣ ਪਛੁਤਾਣ ਦਾ ਕੀ ਲਾਭ?) ॥੩੬॥
ਹੇ ਮਿੱਤਰ! ਜਿਹੜਾ ਮਨ ਮਾਇਆ (ਦੇ ਮੋਹ) ਵਿਚ ਫਸ ਜਾਂਦਾ ਹੈ, (ਉਹ ਇਸ ਮੋਹ ਵਿਚੋਂ ਆਪਣੇ ਆਪ) ਨਹੀਂ ਨਿਕਲ ਸਕਦਾ,
ਹੇ ਨਾਨਕ! ਜਿਵੇਂ (ਕੰਧ ਉਤੇ ਕਿਸੇ) ਮੂਰਤੀ ਦਾ ਲੀਕਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ ਕੰਧ ਨਾਲ ਚੰਬੜਿਆ ਰਹਿੰਦਾ ਹੈ ॥੩੭॥
(ਮਾਇਆ ਦੇ ਮੋਹ ਵਿਚ ਫਸ ਕੇ) ਮਨੁੱਖ (ਪ੍ਰਭੂ-ਸਿਮਰਨ ਦੇ ਥਾਂ) ਕੁਝ ਹੋਰ ਹੀ (ਭਾਵ, ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ। (ਪਰ ਕਰਤਾਰ ਦੀ ਰਜ਼ਾ ਵਿਚ) ਹੋਰ ਦੀ ਹੋਰ ਹੋ ਜਾਂਦੀ ਹੈ।
ਹੇ ਨਾਨਕ! (ਮਨੁੱਖ ਹੋਰਨਾਂ ਨੂੰ) ਠੱਗਣ ਦੀਆਂ ਸੋਚਾਂ ਸੋਚਦਾ ਹੈ (ਉਤੋਂ ਮੌਤ ਦੀ) ਫਾਹੀ ਗਲ ਵਿਚ ਆ ਪੈਂਦੀ ਹੈ ॥੩੮॥
(ਜੀਵ ਭਾਵੇਂ) ਸੁਖਾਂ (ਦੀ ਪ੍ਰਾਪਤੀ) ਵਾਸਤੇ ਅਨੇਕਾਂ ਜਤਨ ਕਰਦਾ ਰਹਿੰਦਾ ਹੈ, ਅਤੇ ਦੁੱਖਾਂ ਵਾਸਤੇ ਜਤਨ ਨਹੀਂ ਕਰਦਾ (ਪਰ ਫਿਰ ਭੀ ਰਜ਼ਾ ਅਨੁਸਾਰ ਦੁਖ ਭੀ ਆ ਹੀ ਪੈਂਦੇ ਹਨ। ਸੁਖ ਭੀ ਤਦੋਂ ਹੀ ਮਿਲਦਾ ਹੈ ਜਦੋਂ ਪ੍ਰਭੂ ਦੀ ਰਜ਼ਾ ਹੋਵੇ)
ਨਾਨਕ ਆਖਦਾ ਹੈ- ਹੇ ਮਨ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ (ਜ਼ਰੂਰ) ਉਹ (ਹੀ) ਹੁੰਦਾ ਹੈ ॥੩੯॥