ਸਲੋਕੁ ਮਃ ੧ ॥

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥

(ਹੇ ਪ੍ਰਭੂ! ਤੇਰੀ ਅਜਬ ਕੁਦਰਤ ਹੈ ਕਿ) ਬਿਪਤਾ (ਜੀਵਾਂ ਦੇ ਰੋਗਾਂ ਦਾ) ਇਲਾਜ (ਬਣ ਜਾਂਦੀ) ਹੈ, ਅਤੇ ਸੁਖ (ਉਹਨਾਂ ਲਈ) ਦੁੱਖ ਦਾ (ਕਾਰਨ) ਹੋ ਜਾਂਦਾ ਹੈ। ਪਰ ਜੇ (ਅਸਲੀ ਆਤਮਕ) ਸੁਖ (ਜੀਵ ਨੂੰ) ਮਿਲ ਜਾਏ, ਤਾਂ (ਦੁੱਖ) ਨਹੀਂ ਰਹਿੰਦਾ।

ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥

ਹੇ ਪ੍ਰਭੂ! ਤੂੰ ਕਰਨਹਾਰ ਕਰਤਾਰ ਹੈਂ (ਤੂੰ ਆਪ ਹੀ ਇਹਨਾਂ ਭੇਤਾਂ ਨੂੰ ਸਮਝਦਾ ਹੈਂ), ਮੇਰੀ ਸਮਰਥਾ ਨਹੀਂ ਹੈ (ਕਿ ਮੈਂ ਸਮਝ ਸਕਾਂ)। ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਲਵਾਂ (ਭਾਵ, ਜੇ ਮੈਂ ਇਹ ਖ਼ਿਆਲ ਕਰਨ ਲੱਗ ਪਵਾਂ ਕਿ ਮੈਂ ਤੇਰੇ ਭੇਤ ਨੂੰ ਸਮਝ ਸਕਦਾ ਹਾਂ) ਤਾਂ ਇਹ ਗੱਲ ਫਬਦੀ ਨਹੀਂ ॥੧॥

ਬਲਿਹਾਰੀ ਕੁਦਰਤਿ ਵਸਿਆ ॥

ਹੇ ਕੁਦਰਤ ਵਿਚ ਵੱਸ ਰਹੇ ਕਰਤਾਰ! ਮੈਂ ਤੈਥੋਂ ਸਦਕੇ ਹਾਂ,

ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥

ਤੇਰਾ ਅੰਤ ਪਾਇਆ ਨਹੀਂ ਜਾ ਸਕਦਾ ॥੧॥ ਰਹਾਉ ॥

ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥

ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਵੱਸ ਰਿਹਾ ਹੈ, ਸਾਰੇ ਜੀਵਾਂ ਵਿਚ ਤੇਰਾ ਹੀ ਪ੍ਰਕਾਸ਼ ਹੈ, ਤੂੰ ਸਭ ਥਾਈਂ ਇਕ-ਰਸ ਵਿਆਪਕ ਹੈਂ।

ਤੂੰ ਸਚਾ ਸਾਹਿਬੁ ਸਿਫਤਿ ਸੁਆਲਿੑਉ ਜਿਨਿ ਕੀਤੀ ਸੋ ਪਾਰਿ ਪਇਆ ॥

ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀਆਂ ਸੋਹਣੀਆਂ ਵਡਿਆਈਆਂ ਹਨ। ਜਿਸ ਜਿਸ ਨੇ ਤੇਰੇ ਗੁਣ ਗਾਏ ਹਨ, ਉਹ ਸੰਸਾਰ-ਸਮੁੰਦਰ ਤੋਂ ਤਰ ਗਿਆ ਹੈ।

ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥

ਹੇ ਨਾਨਕ! (ਤੂੰ ਭੀ) ਕਰਤਾਰ ਦੀ ਸਿਫ਼ਤਿ-ਸਾਲਾਹ ਕਰ, (ਤੇ ਆਖ ਕਿ) ਪ੍ਰਭੂ ਜੋ ਕੁਝ ਕਰਨਾ ਚੰਗਾ ਸਮਝਦਾ ਹੈ ਉਹ ਕਰ ਰਿਹਾ ਹੈ (ਭਾਵ, ਉਸ ਦੇ ਕੰਮਾਂ ਵਿਚ ਕਿਸੇ ਦਾ ਦਖ਼ਲ ਨਹੀਂ ਹੈ) ॥੨॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਆਸਾ
ਲਿਖਾਰੀ: ਗੁਰੂ ਨਾਨਕ ਦੇਵ ਜੀ
ਅੰਗ: 469
ਲੜੀ ਸੰਃ: 9 - 12

ਰਾਗੁ ਆਸਾ

ਰਾਗ ਆਸਾ ਸੰਪੂਰਨ ਸੁਰਾਂ ਵਾਲਾ ਪੰਜਾਬ ਦਾ ਪ੍ਰਸਿੱਧ ਲੋਕ ਰਾਗ ਹੈ। ਇਹ ਬਿਲਾਵਲ ਥਾਟ ਦਾ ਰਾਗ ਹੈ ਜਿਸ ਵਿੱਚ ਮੱਧਮ (ਮਾ) ਵਾਦੀ ਅਤੇ ਸ਼ੜਜ (ਸਾ) ਸੰਵਾਦੀ ਹੈ। ਆਰੋਹੀ ਵਿੱਚ ਗੰਧਾਰ ਅਤੇ ਨਿਸ਼ਾਧ ਸਵਰ ਵਰਜਿਤ ਹਨ। ਇਸ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਹੀ ਮੰਨੀ ਜਾਂਦੀ ਹੈ ਭਾਵ ਆਰੋਹੀ ਕ੍ਰਮ ਵਿਚ ਸਪਤਕ ਦੇ ਪੰਜ ਸਵਰ ਤੇ ਅਵਰੋਹੀ ਕ੍ਰਮ ਵਿਚ ਸੱਤ ਸਵਰ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦੇ ਗਾਇਨ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼ ਦਾ ਸਮਾਂ ਹੈ।