ਹੇ ਮਿੱਤਰ! ਤੂੰ ਉਸ ਪਰਮਾਤਮਾ ਦਾ ਭਜਨ ਕਰਿਆ ਕਰ, ਜਿਸ ਦਾ ਨਾਮ ਸਿਮਰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ।
ਨਾਨਕ ਆਖਦਾ ਹੈ- ਹੇ ਮਨ! ਸੁਣ, ਉਮਰ ਸਦਾ ਘਟਦੀ ਜਾ ਰਹੀ ਹੈ (ਪਰਮਾਤਮਾ ਦਾ ਸਿਮਰਨ ਨਾਹ ਵਿਸਾਰ) ॥੧੦॥
ਹੇ ਚਤੁਰ ਮਨੁੱਖ! ਹੇ ਸਿਆਣੇ ਮਨੁੱਖ! ਤੂੰ ਜਾਣਦਾ ਹੈਂ ਕਿ (ਤੇਰਾ ਇਹ) ਸਰੀਰ (ਪਰਮਾਤਮਾ ਨੇ) ਪੰਜ ਤੱਤਾਂ ਤੋਂ ਬਣਾਇਆ ਹੈ।
ਹੇ ਨਾਨਕ! (ਇਹ ਭੀ) ਯਕੀਨ ਜਾਣ ਕਿ ਜਿਨ੍ਹਾਂ ਤੱਤਾਂ ਤੋਂ (ਇਹ ਸਰੀਰ) ਬਣਿਆ ਹੈ (ਮੁੜ) ਉਹਨਾਂ ਵਿਚ ਹੀ ਲੀਨ ਹੋ ਜਾਇਗਾ (ਫਿਰ ਇਸ ਸਰੀਰ ਦੇ ਝੂਠੇ ਮੋਹ ਵਿਚ ਫਸ ਕੇ ਪਰਮਾਤਮਾ ਦਾ ਸਿਮਰਨ ਕਿਉਂ ਭੁਲਾ ਰਿਹਾ ਹੈਂ? ॥੧੧॥
ਸੰਤ ਜਨਾਂ ਨੇ ਉੱਚੀ ਕੂਕ ਕੇ ਦੱਸ ਦਿੱਤਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ।
ਨਾਨਕ ਆਖਦਾ ਹੈ- ਹੇ ਮਨ! ਤੂੰ ਉਸ (ਪਰਮਾਤਮਾ) ਦਾ ਭਜਨ ਕਰਿਆ ਕਰ, (ਭਜਨ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਤੂੰ ਪਾਰ ਲੰਘ ਜਾਹਿਂਗਾ ॥੧੨॥
ਜਿਸ ਮਨੁੱਖ (ਦੇ ਹਿਰਦੇ) ਨੂੰ ਸੁਖ ਦੁਖ ਨਹੀਂ ਪੋਹ ਸਕਦਾ, ਲੋਭ ਮੋਹ ਅਹੰਕਾਰ ਨਹੀਂ ਪੋਹ ਸਕਦਾ (ਭਾਵ, ਜਿਹੜਾ ਮਨੁੱਖ ਸੁਖ ਦੁਖ ਵੇਲੇ ਆਤਮਕ ਜੀਵਨ ਵਲੋਂ ਨਹੀਂ ਡੋਲਦਾ, ਜਿਸ ਉਤੇ ਲੋਭ ਮੋਹ ਅਹੰਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ),
ਨਾਨਕ ਆਖਦਾ ਹੈ- ਹੇ ਮਨ! ਸੁਣ, ਉਹ ਮਨੁੱਖ (ਸਾਖਿਆਤ) ਪਰਮਾਤਮਾ ਦਾ ਰੂਪ ਹੈ ॥੧੩॥
ਜਿਸ ਮਨੁੱਖ (ਦੇ ਮਨ) ਨੂੰ ਉਸਤਤਿ ਨਹੀਂ (ਡੁਲਾ ਸਕਦੀ) ਨਿੰਦਿਆ ਨਹੀਂ (ਡੁਲਾ ਸਕਦੀ), ਜਿਸ ਨੂੰ ਸੋਨਾ ਅਤੇ ਲੋਹਾ ਇਕੋ ਜਿਹੇ (ਦਿੱਸਦੇ ਹਨ, ਭਾਵ, ਜੋ ਲਾਲਚ ਵਿਚ ਨਹੀਂ ਫਸਦਾ),
ਨਾਨਕ ਆਖਦਾ ਹੈ- ਹੇ ਮਨ! ਸੁਣ, ਇਹ ਗੱਲ (ਪੱਕ) ਜਾਣ ਕਿ ਉਸ ਨੂੰ ਮੋਹ ਤੋਂ ਛੁਟਕਾਰਾ ਮਿਲ ਚੁੱਕਾ ਹੈ ॥੧੪॥
ਜਿਸ ਮਨੁੱਖ ਦੇ ਹਿਰਦੇ ਵਿਚ ਖ਼ੁਸ਼ੀ ਗ਼ਮੀ ਆਪਣਾ ਜ਼ੋਰ ਨਹੀਂ ਪਾ ਸਕਦੀ, ਜਿਸ ਨੂੰ ਵੈਰੀ ਤੇ ਮਿੱਤਰ ਇਕੋ ਜਿਹੇ (ਮਿੱਤਰ ਹੀ) ਜਾਪਦੇ ਹਨ,
ਨਾਨਕ ਆਖਦਾ ਹੈ- ਹੇ ਮਨ! ਸੁਣ, ਤੂੰ ਇਹ ਗੱਲ ਪੱਕੀ ਸਮਝ ਕਿ ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲ ਚੁੱਕੀ ਹੈ ॥੧੫॥
ਜਿਹੜਾ ਮਨੁੱਖ ਕਿਸੇ ਨੂੰ (ਕੋਈ) ਡਰਾਵੇ ਨਹੀਂ ਦੇਂਦਾ, ਅਤੇ ਕਿਸੇ ਦੇ ਡਰਾਵੇ ਨਹੀਂ ਮੰਨਦਾ (ਡਰਾਵਿਆਂ ਤੋਂ ਘਬਰਾਂਦਾ ਨਹੀਂ)
ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਨੂੰ ਆਤਮਕ ਜੀਵਨ ਦੀ ਸੂਝ ਵਾਲਾ ਸਮਝ ॥੧੬॥
ਜਿਸ (ਮਨੁੱਖ) ਨੇ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਾ, ਈਰਖਾ, ਆਦਿਕ ਅਨੇਕਾਂ ਰੂਪਾਂ ਵਾਲੀ) ਸਾਰੀ ਦੀ ਸਾਰੀ ਮਾਇਆ ਤਿਆਗ ਦਿੱਤੀ, (ਉਸੇ ਨੇ ਹੀ ਸਹੀ) ਵੈਰਾਗ ਦਾ (ਸਹੀ) ਭੇਖ ਧਾਰਨ ਕੀਤਾ (ਸਮਝ)।
ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਮਨੁੱਖ ਦੇ ਮੱਥੇ ਉਤੇ (ਚੰਗਾ) ਭਾਗ (ਜਾਗਿਆ ਸਮਝ) ॥੧੭॥
ਜਿਸ (ਮਨੁੱਖ) ਨੇ ਮਾਇਆ ਦਾ ਮੋਹ ਛੱਡ ਦਿੱਤਾ, (ਜਿਹੜਾ ਮਨੁੱਖ ਮਾਇਆ ਦੇ ਕਾਮਾਦਿਕ) ਸਾਰੇ ਵਿਕਾਰਾਂ ਵਲੋਂ ਉਪਰਾਮ ਹੋ ਗਿਆ,
ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਦੇ ਹਿਰਦੇ ਵਿਚ (ਪਰਤੱਖ ਤੌਰ ਤੇ) ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ॥੧੮॥
ਜਿਸ ਮਨੁੱਖ ਨੇ ਕਰਤਾਰ ਸਿਰਜਣਹਾਰ ਨਾਲ ਡੂੰਘੀ ਸਾਂਝ ਪਾ ਕੇ (ਆਪਣੇ ਅੰਦਰੋਂ) ਹਉਮੈ ਤਿਆਗ ਦਿੱਤੀ,
ਨਾਨਕ ਆਖਦਾ ਹੈ- ਹੇ ਮਨ! ਇਹ ਗੱਲ ਸੱਚੀ ਸਮਝ ਕਿ ਉਹ ਮਨੁੱਖ (ਹੀ) ਮੁਕਤ ਹੈ ॥੧੯॥