ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ,
ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ।
(ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ ॥੧॥
(ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ।
ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ।
ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ ॥੨॥
(ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ।
ਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ।
(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ॥੩॥
(ਹੇ ਭਾਈ!) ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ।
ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ।
ਹੇ ਨਾਨਕ! (ਆਖ-) ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਔਖਾ ਘੋਲ ਜਿੱਤ ਲਿਆ ਹੈ ॥੪॥੨੪॥੩੧॥
ਰਾਗ ਮਾਝ ਨੂੰ ਪੰਜਵੇਂ ਸਿੱਖ ਗੁਰੂ (ਸ਼੍ਰੀ ਗੁਰੂ ਅਰਜਨ ਦੇਵ ਜੀ) ਦੁਆਰਾ ਰਚਨਾ ਕੀਤੀ। ਇਹ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਕ੍ਰਮ ਅਨੁਸਾਰ ਦੂਸਰਾ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ 183 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 94 ਤੋਂ ਪੰਨਾ 150 ਤੱਕ, ਰਾਗ ਮਾਝ ਵਿੱਚ ਦਰਜ ਹਨ। ਇਸ ਨੂੰ ਗਾਉਣ ਦਾ ਸਮਾਂ ਸ਼ਾਮ 3 ਵਜੇ ਤੋਂ ਸ਼ਾਮ 6 ਵਜੇ ਤੱਕ (ਚੌਥਾ ਪਹਿਰ) ਹੈ।