ਸ਼ੇਖ ਫਰੀਦ ਜੀ ਦੇ ਸਲੋਕ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਸ ਦਿਨ (ਜੀਵ-) ਇਸਤ੍ਰੀ ਵਿਆਹੀ ਜਾਇਗੀ, ਉਹ ਸਮਾ (ਪਹਿਲਾਂ ਹੀ) ਲਿਖਿਆ ਗਿਆ ਹੈ (ਭਾਵ, ਜੀਵ ਦੇ ਜਗਤ ਵਿਚ ਆਉਣ ਤੋਂ ਪਹਿਲਾਂ ਹੀ ਇਸ ਦੀ ਮੌਤ ਦਾ ਸਮਾ ਮਿਥਿਆ ਜਾਂਦਾ ਹੈ),
ਮੌਤ ਦਾ ਫ਼ਰਿਸਤਾ ਜੋ ਕੰਨਾਂ ਨਾਲ ਸੁਣਿਆ ਹੀ ਹੋਇਆ ਸੀ, ਆ ਕੇ ਮੂੰਹ ਵਿਖਾਂਦਾ ਹੈ (ਭਾਵ, ਜਿਸ ਬਾਰੇ ਪਹਿਲਾਂ ਹੋਰਨਾਂ ਦੀ ਮੌਤ ਸਮੇ ਸੁਣਿਆ ਸੀ, ਹੁਣ ਉਸ ਜੀਵ-ਇਸਤ੍ਰੀ ਨੂੰ ਆ ਮੂੰਹ ਵਿਖਾਂਦਾ ਹੈ ਜਿਸ ਦੀ ਵਾਰੀ ਆ ਜਾਂਦੀ ਹੈ)।
ਹੱਡਾਂ ਨੂੰ ਭੰਨ ਭੰਨ ਕੇ (ਭਾਵ, ਸਰੀਰ ਨੂੰ ਰੋਗ ਆਦਿਕ ਨਾਲ ਨਿਤਾਣਾ ਕਰ ਕੇ) ਵਿਚਾਰੀ ਜਿੰਦ (ਇਸ ਵਿਚੋਂ) ਕੱਢ ਲਈ ਜਾਂਦੀ ਹੈ।
ਜਿੰਦ ਨੂੰ (ਇਹ ਗੱਲ) ਸਮਝਾ ਕਿ (ਮੌਤ ਦਾ) ਇਹ ਮਿਥਿਆ ਹੋਇਆ ਸਮਾ ਟਲ ਨਹੀਂ ਸਕਦਾ।
ਜਿੰਦ, ਮਾਨੋ, ਵਹੁਟੀ ਹੈ, ਮੌਤ (ਦਾ ਫ਼ਰਿਸਤਾ ਇਸ ਦਾ) ਲਾੜਾ ਹੈ (ਜਿੰਦ ਨੂੰ) ਵਿਆਹ ਕੇ ਜ਼ਰੂਰ ਲੈ ਜਾਇਗਾ,
ਇਹ (ਕਾਂਇਆਂ ਜਿੰਦ ਨੂੰ) ਆਪਣੀ ਹੱਥੀਂ ਤੋਰ ਤੇ ਕਿਸ ਦੇ ਗਲ ਲੱਗੇਗੀ? (ਭਾਵ ਨਿਆਸਰੀ ਹੋ ਜਾਇਗੀ)।
ਹੇ ਫਰੀਦ! ਤੂੰ ਕਦੇ 'ਪੁਲ ਸਿਰਾਤ' ਦਾ ਨਾਮ ਨਹੀਂ ਸੁਣਿਆ ਜੋ ਵਾਲ ਤੋਂ ਭੀ ਬਰੀਕ ਹੈ?
ਕੰਨੀਂ ਵਾਜਾਂ ਪੈਂਦਿਆਂ ਭੀ ਆਪਣੇ ਆਪ ਨੂੰ ਲੁਟਾਈ ਨਾ ਜਾਹ (ਭਾਵ, ਜਗਤ ਵਿਚ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ, ਇਸ ਵਿਚੋਂ ਸਹੀ ਸਲਾਮੱਤ ਪਾਰ ਲੰਘਣ ਲਈ 'ਦਰਵੇਸ਼ੀ', ਮਾਨੋ, ਇਕ ਪੁਲ ਹੈ, ਜੋ ਹੈ ਬਹੁਤ ਸੌੜਾ ਤੇ ਬਾਰੀਕ, ਭਾਵ, ਦਰਵੇਸ਼ੀ ਕਮਾਣੀ ਬੜੀ ਹੀ ਔਖੀ ਹੈ, ਪਰ ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਰਸਤਾ ਸਿਰਫ਼ ਇਹੀ ਹੈ। ਧਰਮ-ਪੁਸਤਕਾਂ ਦੀ ਰਾਹੀਂ ਗੁਰੂ-ਪੈਗ਼ੰਬਰ ਤੈਨੂੰ ਵਿਕਾਰਾਂ ਦੀਆਂ ਲਹਿਰਾਂ ਦੇ ਖ਼ਤਰੇ ਤੋਂ ਬਚਣ ਲਈ ਵਾਜਾਂ ਮਾਰ ਰਹੇ ਹਨ; ਧਿਆਨ ਨਾਲ ਸੁਣ ਤੇ ਜੀਵਨ ਅਜ਼ਾਈਂ ਨਾਹ ਗਵਾ) ॥੧॥
ਸ਼ੇਖ ਫਰੀਦ ਜੀ ਦੀ ਬਾਣੀ