ਹੇ ਪ੍ਰਭੂ! ਤੂੰ (ਇਕ) ਦਰੀਆ (ਸਮਾਨ ਹੈਂ), ਮੈਂ (ਤੇਰੇ ਵਿਚ ਰਹਿਣ ਵਾਲੀ) ਇਕ ਨਿੱਕੀ ਜਿਹੀ ਮੱਛੀ ਹਾਂ। ਮੈਂ ਤੇਰਾ ਅਖ਼ੀਰਲਾ ਬੰਨਾ ਨਹੀਂ ਲੱਭ ਸਕਦੀ। (ਮੇਰੀ ਹਾਲਤ) ਤੂੰ ਹੀ ਜਾਣਦਾ ਹੈਂ, ਤੂੰ ਹੀ (ਨਿਤ) ਦੇਖਦਾ ਹੈਂ।
ਮੈਂ (ਮੱਛੀ ਤੈਂ ਦਰੀਆ ਵਿਚ) ਜਿਧਰ ਵੇਖਦੀ ਹਾਂ ਉਧਰ ਉਧਰ ਤੂੰ (ਦਰੀਆ ਹੀ ਦਰੀਆ) ਹੈ। ਜੇ ਮੈਂ ਤੈਂ ਦਰੀਆ ਵਿਚੋਂ ਬਾਹਰ ਨਿਕਲ ਜਾਵਾਂ, ਤਾਂ ਉਸੇ ਵੇਲੇ ਤੜਫ ਮਰਦੀ ਹਾਂ (ਮੇਰਾ ਜੀਵਨ ਤੇਰੇ ਹੀ ਆਸਰੇ ਹੈ) ॥੧॥
(ਹੇ ਦਰੀਆ-ਪ੍ਰਭੂ! ਤੈਥੋਂ ਵਿਛੋੜਨ ਵਾਲੇ) ਨਾਹ ਮੈਨੂੰ ਮਾਛੀ ਦੀ ਸਮਝ ਹੈ, ਨਾਹ ਹੀ ਉਸ ਦੇ ਜਾਲ ਦੀ (ਉਹਨਾਂ ਤੋਂ ਬਚਣਾ ਮੇਰੇ ਵੱਸ ਦੀ ਗੱਲ ਨਹੀਂ)।
(ਤੈਥੋਂ ਵਿਛੋੜਨ ਵਾਸਤੇ) ਜਦੋਂ ਮੈਨੂੰ ਕੋਈ (ਆਤਮਕ) ਦੁੱਖ ਵਿਆਪਦਾ ਹੈ, ਤਾਂ ਮੈਂ ਤੈਨੂੰ ਹੀ ਯਾਦ ਕਰਦੀ ਹਾਂ ॥੧॥ ਰਹਾਉ ॥
ਹੇ ਪ੍ਰਭੂ! ਤੂੰ (ਇਸ ਜਗਤ ਵਿਚ) ਹਰ ਥਾਂ ਮੌਜੂਦ ਹੈਂ, ਮੈਂ ਤੈਨੂੰ ਕਿਤੇ ਦੂਰ ਵੱਸਦਾ ਸਮਝਿਆ ਹੋਇਆ ਹੈ।
(ਅਸਲ ਗੱਲ ਇਹ ਹੈ ਕਿ) ਜੋ ਕੁਝ ਮੈਂ ਕਰਦਾ ਹਾਂ, ਉਹ ਤੇਰੀ ਹਜ਼ੂਰੀ ਵਿਚ ਹੀ ਕਰ ਰਿਹਾ ਹਾਂ।
ਤੂੰ ਸਭ ਕੁਝ ਵੇਖਦਾ ਹੈਂ (ਫਿਰ ਭੀ) ਮੈਂ ਆਪਣੇ ਕੀਤੇ ਕੰਮਾਂ ਤੋਂ ਮੁੱਕਰ ਜਾਂਦਾ ਹਾਂ।
ਮੈਂ ਨਾਹ ਉਸ ਕੰਮ ਵਿਚ ਲੱਗਦਾ ਹਾਂ ਜੋ ਤੈਨੂੰ ਪਰਵਾਨ ਹੋਵੇ, ਨਾਹ ਹੀ ਮੈਂ ਤੇਰੇ ਨਾਮ ਵਿਚ ਜੁੜਦਾ ਹਾਂ ॥੨॥
ਹੇ ਪ੍ਰਭੂ! ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਹੀ ਖਾਂਦਾ ਹਾਂ।
ਕੋਈ ਹੋਰ ਦਰਵਾਜ਼ਾ ਨਹੀਂ ਹੈ ਜਿਥੇ ਮੈਂ ਜਾਵਾਂ (ਤੇ ਸਵਾਲੀ ਬਣਾਂ)।
ਨਾਨਕ ਸਿਰਫ਼ ਇਹ ਬੇਨਤੀ ਕਰਦਾ ਹੈ
ਕਿ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਇਹ ਸਭ ਕੁਝ ਤੇਰੇ ਹੀ ਆਸਰੇ ਰਹਿ ਸਕਦਾ ਹੈ ॥੩॥
ਪ੍ਰਭੂ ਆਪ ਹੀ ਹਰੇਕ ਜੀਵ ਦੇ ਨੇੜੇ ਹੈ, ਆਪ ਹੀ ਦੂਰ ਭੀ ਹੈ, ਆਪ ਹੀ ਸਾਰੇ ਜਗਤ ਵਿਚ ਮੌਜੂਦ ਹੈ।
ਪ੍ਰਭੂ ਆਪ ਹੀ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਦੀ ਅਰਜ਼ੋਈ ਸੁਣਦਾ ਹੈ, ਆਪ ਹੀ ਆਪਣੀ ਸੱਤਿਆ ਨਾਲ ਜਗਤ ਪੈਦਾ ਕਰਦਾ ਹੈ।
ਹੇ ਨਾਨਕ! ਜੋ ਹੁਕਮ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹਰੇਕ ਜੀਵ ਨੂੰ ਕਬੂਲ ਕਰਨਾ ਪੈਂਦਾ ਹੈ ॥੪॥੩੧॥
ਇਸ ਰਾਗ ਦਾ ਅਧਾਰ ਮੁੱਖ ਧਾਰਾ ਭਾਰਤੀ ਸ਼ਾਸਤਰੀ ਸੰਗੀਤ ਦੀਆਂ ਪਰੰਪਰਾਵਾਂ ਹਨ। ਸਿਰੀ ਰਾਗ ਗੰਭੀਰ ਅਤੇ ਚਿੰਤਨਸ਼ੀਲ ਹੈ ਅਤੇ ਇਕ ਅਜਿਹਾ ਮਾਹੌਲ ਪੈਦਾ ਕਰਦਾ ਹੈ। ਸੁਣਨ ਵਾਲੇ (ਮਨ) ਨੂੰ ਸੰਦੇਸ਼ ਦੀ ਸੱਚਾਈ ਤੋਂ ਜਾਣੂ ਕਰਾਇਆ ਜਾਂਦਾ ਹੈ ਅਤੇ ਇਸ ‘ਸਿੱਖਿਆ’ ਨਾਲ ਨਿਮਰਤਾ ਅਤੇ ‘ਪ੍ਰਾਪਤ’ ਗਿਆਨ ਦੋਵਾਂ ਨਾਲ ਭਵਿੱਖ ਦਾ ਸਾਹਮਣਾ ਕਰਨ ਦੀ ਤਾਕਤ ਦਿੱਤੀ ਜਾਂਦੀ ਹੈ।