ਪਉੜੀ ॥

ਪਉੜੀ

ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ ਨ ਕੋਇ ॥

(ਹੇ ਭਾਈ!) ਸਿਰਫ਼ ਇਕ ਪਰਮਾਤਮਾ ਦੀ ਸੇਵਾ-ਭਗਤੀ ਕਰੋ ਜਿਸ ਦੇ ਦਰ ਤੋਂ ਕੋਈ (ਜਾਚਕ) ਖ਼ਾਲੀ ਨਹੀਂ ਜਾਂਦਾ।

ਮਨਿ ਤਨਿ ਮੁਖਿ ਹੀਐ ਬਸੈ ਜੋ ਚਾਹਹੁ ਸੋ ਹੋਇ ॥

ਜੇ ਤੁਹਾਡੇ ਮਨ ਵਿਚ ਤਨ ਵਿਚ ਮੂੰਹ ਵਿਚ ਹਿਰਦੇ ਵਿਚ ਪ੍ਰਭੂ ਵੱਸ ਪਏ, ਤਾਂ ਮੂੰਹ-ਮੰਗਿਆ ਪਦਾਰਥ ਮਿਲੇਗਾ।

ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥

ਪਰ ਇਹ ਸੇਵਾ-ਭਗਤੀ ਦਾ ਮੌਕਾ ਉਸੇ ਨੂੰ ਮਿਲਦਾ ਹੈ, ਜਿਸ ਉਤੇ ਗੁਰੂ ਦਿਆਲ ਹੋਵੇ।

ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥

ਤੇ, ਗੁਰੂ ਦੀ ਸੰਗਤਿ ਵਿਚ ਮਨੁੱਖ ਤਦੋਂ ਟਿਕਦਾ ਹੈ, ਜੇ ਪ੍ਰਭੂ ਆਪ ਕਿਰਪਾ ਕਰੇ।

ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ ॥

ਅਸਾਂ ਸਾਰੇ ਥਾਂ ਭਾਲ ਕੇ ਵੇਖ ਲਏ ਹਨ, ਪ੍ਰਭੂ ਦੇ ਭਜਨ ਤੋਂ ਬਿਨਾ ਆਤਮਕ ਸੁਖ ਕਿਤੇ ਭੀ ਨਹੀਂ।

ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ ॥

ਜੇਹੜੇ ਬੰਦੇ ਗੁਰੂ ਦੀ ਹਜ਼ੂਰੀ ਵਿਚ ਆਪਾ ਲੀਨ ਕਰ ਲੈਂਦੇ ਹਨ, ਉਹਨਾਂ ਤੋਂ ਤਾਂ ਜਮਦੂਤ ਭੀ ਲਾਂਭੇ ਹੋ ਜਾਂਦੇ ਹਨ (ਉਹਨਾਂ ਨੂੰ ਮੌਤ ਦਾ ਡਰ ਭੀ ਪੋਹ ਨਹੀਂ ਸਕਦਾ)।

ਬਾਰਿ ਬਾਰਿ ਜਾਉ ਸੰਤ ਸਦਕੇ ॥

ਮੈਂ ਮੁੜ ਮੁੜ ਗੁਰੂ ਤੋਂ ਕੁਰਬਾਨ ਜਾਂਦਾ ਹਾਂ।

ਨਾਨਕ ਪਾਪ ਬਿਨਾਸੇ ਕਦਿ ਕੇ ॥੨੭॥

ਹੇ ਨਾਨਕ! (ਆਖ-) ਜੇਹੜਾ ਮਨੁੱਖ ਗੁਰੂ ਦਰ ਤੇ ਆ ਡਿੱਗਦਾ ਹੈ, ਉਸ ਦੇ ਕਈ ਜਨਮਾਂ ਦੇ ਕੀਤੇ ਮੰਦ ਕਰਮਾਂ ਦੇ ਸੰਸਕਾਰ ਨਾਸ ਹੋ ਜਾਂਦੇ ਹਨ ॥੨੭॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਗਉੜੀ
ਲਿਖਾਰੀ: ਗੁਰੂ ਅਰਜਨ ਦੇਵ ਜੀ
ਅੰਗ: 255
ਲੜੀ ਸੰਃ: 15 - 19

ਰਾਗੁ ਗਉੜੀ

ਰਾਗੁ ਗਉੜੀ ਸੁਣਨ ਵਾਲੇ ਨੂੰ ਇੱਕ ਉਦੇਸ਼ ਪ੍ਰਾਪਤੀ ਦੀ ਸਖਤ ਕੋਸ਼ਿਸ਼ ਕਰਨ ਲਈ ਉਤਸ਼ਾਹਤ ਕਰਦਾ ਹੈ। ਹਾਲਾਂਕਿ, ਰਾਗ ਦੁਆਰਾ ਦਿੱਤਾ ਉਤਸ਼ਾਹ ਹਉਮੈ ਨੂੰ ਵਧਣ ਨਹੀਂ ਦਿੰਦਾ। ਇਹ, ਇਸ ਲਈ, ਇੱਕ ਮਾਹੌਲ ਪੈਦਾ ਕਰਦਾ ਹੈ ਜਿੱਥੇ ਸੁਣਨ ਵਾਲੇ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ, ਪਰ ਫਿਰ ਵੀ ਹੰਕਾਰੀ ਅਤੇ ਸਵੈ-ਮਹੱਤਵਪੂਰਣ ਬਣਨ ਤੋਂ ਰੋਕ ਦਿੰਦਾ ਹੈ।