ਹੇ ਪ੍ਰਭੂ! ਜਦੋਂ ਮੈਂ 'ਹਉਂ, ਹਉਂ' ਕਰਦਾ ਹਾਂ ਤਦੋਂ ਤੂੰ (ਮੇਰੇ ਅੰਦਰ ਪਰਗਟ) ਨਹੀਂ ਹੁੰਦਾ, ਪਰ ਜਦੋਂ ਤੂੰ ਆ ਵੱਸਦਾ ਹੈਂ ਮੇਰੀ 'ਹਉਂ' ਮੁਕ ਜਾਂਦੀ ਹੈ।
ਹੇ ਗਿਆਨਵਾਨ! ਅਕੱਥ ਪ੍ਰਭੂ ਦੀ ਇਹ ਡੂੰਘੀ ਰਾਜ਼ ਵਾਲੀ ਗੱਲ ਆਪਣੇ ਮਨ ਵਿਚ ਸਮਝ।
ਅਲੱਖ ਪ੍ਰਭੂ ਵੱਸਦਾ ਤਾਂ ਸਭ ਦੇ ਅੰਦਰ ਹੈ, ਪਰ ਇਹ ਅਸਲੀਅਤ ਗੁਰੂ ਤੋਂ ਬਿਨਾ ਨਹੀਂ ਲੱਭਦੀ।
ਜਦੋਂ ਗੁਰੂ ਮਿਲ ਪਏ ਜਦੋਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸੇ ਤਾਂ ਇਹ ਸਮਝ ਪੈਂਦੀ ਹੈ।
ਜਿਸ ਮਨੁੱਖ ਦੀ 'ਹਉਂ' ਦੂਰ ਹੋ ਜਾਂਦੀ ਹੈ, (ਮਾਇਆ ਦੀ ਖ਼ਾਤਰ) ਭਟਕਣਾ ਮਿਟ ਜਾਂਦੀ ਹੈ (ਮੌਤ ਆਦਿਕ ਦਾ) ਡਰ ਮੁੱਕ ਜਾਂਦਾ ਹੈ, ਉਸ ਦੇ ਸਾਰੀ ਉਮਰ ਦੇ ਦੁੱਖ ਨਾਸ ਹੋ ਜਾਂਦੇ ਹਨ (ਕਿਉਂਕਿ ਜੀਵਨ ਵਿਚ ਦੁੱਖ ਹੁੰਦੇ ਹੀ ਇਹੀ ਹਨ)।
ਜਿਨ੍ਹਾਂ ਨੂੰ ਗੁਰੂ ਦੀ ਮੱਤ ਲਿਆਂ ਰੱਬ ਦਿੱਸ ਪੈਂਦਾ ਹੈ, ਜਿਨ੍ਹਾਂ ਦੀ ਬੁੱਧ ਉੱਜਲ ਹੋ ਜਾਂਦੀ ਹੈ ਉਹ (ਇਹਨਾਂ ਦੁੱਖਾਂ ਦੇ ਸਮੁੰਦਰ ਤੋਂ) ਤਰ ਜਾਂਦੇ ਹਨ।
(ਸੋ,) ਹੇ ਨਾਨਕ! (ਤੂੰ ਭੀ) ਸਿਮਰਨ ਕਰ ਜਿਸ ਨਾਲ ਤੇਰੀ ਆਤਮਾ ਪ੍ਰਭੂ ਨਾਲ ਇਕ-ਰੂਪ ਹੋ ਜਾਏ, (ਵੇਖ!) ਤ੍ਰਿਲੋਕੀ ਦੇ ਹੀ ਜੀਵ ਉਸੇ ਵਿਚ ਟਿਕੇ ਹੋਏ ਹਨ (ਉਸੇ ਦੇ ਆਸਰੇ ਹਨ) ॥੧॥