ਜੈਤਸਰੀ ਮਹਲਾ ੯ ॥

ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥

ਹੇ ਪ੍ਰਭੂ ਜੀ! ਮੇਰੀ ਇੱਜ਼ਤ ਰੱਖ ਲਵੋ।

ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥

ਮੇਰੇ ਹਿਰਦੇ ਵਿਚ ਮੌਤ ਦਾ ਡਰ ਵੱਸ ਰਿਹਾ ਹੈ, (ਇਸ ਤੋਂ ਬਚਣ ਲਈ) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ॥੧॥ ਰਹਾਉ ॥

ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥

ਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਭੀ ਹਾਂ, ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ।

ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥

ਮੈਨੂੰ ਮਰਨ ਦਾ ਡਰ (ਕਿਸੇ ਵੇਲੇ) ਭੁੱਲਦਾ ਨਹੀਂ, ਇਸ (ਮਰਨ) ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ॥੧॥

ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥

ਹੇ ਭਾਈ! (ਮੌਤ ਦੇ ਇਸ ਸਹਿਮ ਤੋਂ) ਖ਼ਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ, ਦਸੀਂ ਪਾਸੀਂ ਉਠ ਉਠ ਕੇ ਦੌੜਿਆ ਹਾਂ।

ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥

(ਮਾਇਆ ਦੇ ਮੋਹ ਤੋਂ) ਨਿਰਲੇਪ ਪਰਮਾਤਮਾ ਹਿਰਦੇ ਵਿਚ ਹੀ ਵੱਸਦਾ ਹੈ, ਉਸ ਦਾ ਭੇਤ ਮੈਂ ਨਹੀਂ ਸਮਝਿਆ ॥੨॥

ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥

(ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ) ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ (ਜੋ ਮੌਤ ਦੇ ਸਹਿਮ ਤੋਂ ਬਚਾ ਲਏ, ਫਿਰ) ਹੁਣ ਕੇਹੜਾ ਕੰਮ ਕੀਤਾ ਜਾਏ?

ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥

ਹੇ ਨਾਨਕ! (ਆਖ-) ਹੇ ਪ੍ਰਭੂ! (ਹੋਰ ਸਾਧਨਾਂ ਵਲੋਂ) ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ ਮੈਨੂੰ ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ ਦੇਹ ॥੩॥੨॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਜੈਤਸਰੀ
ਲਿਖਾਰੀ: ਗੁਰੂ ਤੇਗ਼ ਬਹਾਦਰ ਜੀ
ਅੰਗ: 703
ਲੜੀ ਸੰਃ: 2 - 6

ਰਾਗੁ ਜੈਤਸਰੀ

ਜੈਤਸਰੀ ਕਿਸੇ ਤੋਂ ਬਗੈਰ ਜੀਣ ਦੇ ਯੋਗ ਨਾ ਹੋਣ ਦੀ ਦਿਲੀ ਭਾਵਨਾ ਦਰਸ਼ਾਂਦਾ ਹੈ। ਇਸਦਾ ਮੂਡ ਨਿਰਭਰਤਾ ਦੀਆਂ ਭਾਵਨਾਵਾਂ ਅਤੇ ਉਸ ਵਿਅਕਤੀ ਦੇ ਨਾਲ ਆਉਣ ਲਈ ਸਤਾਉਣ ਵਾਲੇ ਅਭਿਆਸਾਂ ਦੀ ਬੇਮਿਸਾਲ ਭਾਵਨਾ ਨਾਲ ਰੁੱਝਿਆ ਹੋਇਆ ਹੈ।