(ਪਉੜੀ ਨੰ: ੨੧ ਤੇ ੨੨ ਦਾ ਉੱਤਰ:) ਸ੍ਰਿਸ਼ਟੀ ਦੇ ਮੁੱਢ ਦਾ ਵੀਚਾਰ ਤਾਂ "ਅਸਚਰਜ, ਅਸਚਰਜ" ਹੀ ਕਿਹਾ ਜਾ ਸਕਦਾ ਹੈ, (ਤਦੋਂ) ਇੱਕ-ਰਸ ਅਫੁਰ ਪਰਮਾਤਮਾ ਦਾ ਹੀ ਵਜੂਦ ਸੀ।
ਗਿਆਨ ਦਾ ਅਸਲੀ ਸਾਧਨ ਇਹ ਸਮਝੋ ਕਿ ਸਤਿਗੁਰੂ ਤੋਂ ਮਿਲਿਆ ਗਿਆਨ ਹੋਵੇ (ਭਾਵ, ਗਿਆਨ ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰੂ ਦੀ ਸਰਣ ਹੀ ਹੈ)। ਹਰੇਕ ਘਟ ਵਿਚ, ਸਾਰੇ ਜੀਵਾਂ ਵਿਚ, ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਵੱਸਦਾ ਹੈ।
ਅਦ੍ਰਿਸ਼ਟ ਪ੍ਰਭੂ ਵਿਚ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ ਹੋਈਦਾ ਹੈ, (ਗੁਰ-ਸ਼ਬਦ ਦੀ ਰਾਹੀਂ) ਅਡੋਲ ਅਵਸਥਾ ਵਿਚ ਟਿਕਿਆਂ ਜਗਤ ਦਾ ਮੂਲ ਨਿਰੰਜਨ (ਮਾਇਆ ਤੋਂ ਰਹਿਤ ਪ੍ਰਭੂ) ਲੱਭ ਪੈਂਦਾ ਹੈ।
(ਨਿਰੰਜਨ ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੁਟ) ਹੋਰ ਕੋਈ ਕਾਰ ਕਰਨ ਦੀ ਲੋੜ ਨਹੀਂ, ਜੋ ਸਿੱਖ (ਗੁਰ-ਆਸ਼ੇ ਅਨੁਸਾਰ) ਸੇਵਾ ਕਰਦਾ ਹੈ ਉਹ ਭਾਲ ਕੇ 'ਨਿਰੰਜਨ' ਨੂੰ ਲੱਭ ਲੈਂਦਾ ਹੈ।
ਹੇ ਨਾਨਕ! 'ਹੁਕਮ' ਮੰਨਣਾ ਅਸਚਰਜ (ਖ਼ਿਆਲ) ਹੈ ਭਾਵ, ਇਹ (ਖ਼ਿਆਲ ਕਿ ਗੁਰੂ ਦੇ ਹੁਕਮ ਵਿਚ ਤੁਰਿਆਂ "ਅਵਿਗਤ" ਵਿਚ ਸਮਾਈਦਾ ਹੈ ਹੈਰਾਨਗੀ ਪੈਦਾ ਕਰਨ ਵਾਲਾ ਹੈ; ਪਰ) ਜੋ ਮਨੁੱਖ 'ਹੁਕਮ' ਵਿਚ (ਤੁਰ ਕੇ 'ਹੁਕਮ' ਨੂੰ) ਪਛਾਣਦਾ ਹੈ ਉਹ ਜੀਵਨ ਦੀ (ਸਹੀ) ਜੁਗਤਿ ਤੇ 'ਸਚ' ਨੂੰ ਜਾਣ ਲੈਂਦਾ ਹੈ।
ਉਹ 'ਆਪਾ ਭਾਵ' ਮਿਟਾ ਕੇ (ਦੁਨੀਆ ਵਿਚ ਰਹਿੰਦਾ ਹੋਇਆ ਭੀ ਦੁਨੀਆ ਤੋਂ) ਵੱਖਰਾ ਹੁੰਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਸਾਖਿਆਤ) ਹੈ, (ਬੱਸ!) ਐਸਾ ਮਨੁੱਖ ਹੀ ਜੋਗੀ ਅਖਵਾਣ ਦੇ ਯੋਗ ਹੈ ॥੨੩॥
(ਜਦੋਂ) ਅਦ੍ਰਿਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਪਰਗਟ ਹੁੰਦਾ ਹੈ ਤੇ ਨਿਰਗੁਣ ਰੂਪ ਤੋਂ ਸਰਗੁਣ ਬਣਦਾ ਹੈ (ਭਾਵ, ਆਪਣੇ ਅਦ੍ਰਿਸ਼ਟ ਆਤਮਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਖਮ ਤੇ ਅਸਥੂਲ ਰੂਪ ਧਾਰ ਲੈਂਦਾ ਹੈ,
ਤਦੋਂ ਇਸ ਦ੍ਰਿਸ਼ਟਮਾਨ ਸੰਸਾਰ ਵਿਚੋਂ ਜਿਸ ਜੀਵ ਦਾ ਮਨ ਸਤਿਗੁਰੂ ਦੇ ਸ਼ਬਦ ਨਾਲ ਪਤੀਜਦਾ ਜਾਂਦਾ ਹੈ (ਉਸ ਜੀਵ ਨੂੰ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤਦੋਂ ਸਮਝੋ ਕਿ) ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ (ਉਸ ਨੂੰ ਆਪਣੇ ਵਿਚ) ਲੀਨ ਕਰ ਲਿਆ ਹੈ।
(ਤਦੋਂ) ਉਹ ਕੇਵਲ ਇਕ ਪ੍ਰਭੂ ਨੂੰ ਹੀ (ਸਦਾ ਰਹਿਣ ਵਾਲੀ ਹਸਤੀ) ਜਾਣਦਾ ਹੈ, ਉਸ ਨੇ ਹਉਮੈ ਅਤੇ ਦੂਜਾ-ਭਾਵ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਅਜੇਹੀ ਹਸਤੀ ਦੀ ਸੰਭਾਵਨਾ ਦਾ ਖ਼ਿਆਲ) ਦੂਰ ਕਰ ਲਿਆ ਹੁੰਦਾ ਹੈ,
(ਬੱਸ!) ਉਹੀ (ਅਸਲ) ਜੋਗੀ ਹੈ, ਉਹ ਸਤਿਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਉਸ ਦੇ ਅੰਦਰ (ਰਿਹਦਾ-ਰੂਪ) ਕੌਲ ਫੁੱਲ ਖਿੜ ਪਿਆ ਹੁੰਦਾ ਹੈ।
ਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, 'ਹਉਮੈ' ਦਾ ਤਿਆਗ ਕਰਦਾ ਹੈ, ਸੁਆਰਥ ਮਿਟਾਂਦਾ ਹੈ) ਉਸ ਨੂੰ (ਜ਼ਿੰਦਗੀ ਦੇ) ਹਰੇਕ (ਪਹਿਲੂ) ਦੀ ਸਮਝ ਆ ਜਾਂਦੀ ਹੈ, ਉਹ ਮਨੁੱਖ ਸਾਰੇ ਜੀਵਾਂ ਉਤੇ ਦਇਆ ਕਰਨ (ਦਾ ਅਸੂਲ) ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ।
ਹੇ ਨਾਨਕ! ਉਸੇ ਮਨੁੱਖ ਨੂੰ ਇੱਜ਼ਤ ਮਿਲਦੀ ਹੈ, ਉਹ ਸਾਰੇ ਜੀਵਾਂ ਵਿਚ ਆਪਣੇ ਆਪ ਨੂੰ ਵੇਖਦਾ ਹੈ (ਭਾਵ, ਉਹ ਉਸੇ ਜੋਤਿ ਨੂੰ ਸਭ ਵਿਚ ਵੇਖਦਾ ਹੈ ਜੋ ਉਸ ਦੇ ਆਪਣੇ ਅੰਦਰ ਹੈ) ॥੨੪॥
ਰਾਮਕਲੀ ਦੀਆਂ ਭਾਵਨਾਵਾਂ ਉਨ੍ਹਾਂ ਬੁੱਧੀਮਾਨ ਅਧਿਆਪਕ ਵਰਗੀਆਂ ਹੁੰਦੀਆਂ ਹਨ ਜੋ ਆਪਣੇ ਵਿਦਿਆਰਥੀ ਨੂੰ ਅਨੁਸ਼ਾਸਤ ਕਰਦੀਆਂ ਹਨ।