ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ॥

(ਜਿਸ 'ਸ਼ਬਦ' ਦੀ ਰਾਹੀਂ "ਦੁੱਤਰ ਸਾਗਰ" ਤਰੀਦਾ ਹੈ) ਉਸ 'ਸ਼ਬਦ' ਨੂੰ ਇੱਕ-ਰਸ ਥਾਂ (ਮਿਲਿਆ ਹੋਇਆ) ਹੈ (ਭਾਵ, ਉਹ ਸ਼ਬਦ ਹਰ ਥਾਂ ਭਰਪੂਰ ਹੈ), 'ਸ਼ਬਦ' ਅਲੱਖ (ਪ੍ਰਭੂ ਦਾ ਰੂਪ) ਹੈ, ਮੈਂ ਜਿਧਰ ਵੇਖਦਾ ਹਾਂ ਉਹ ਸ਼ਬਦ ਹੀ ਸ਼ਬਦ ਹੈ।

ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ ॥

ਜਿਵੇਂ ਅਫੁਰ ਪ੍ਰਭੂ ਦਾ ਵਾਸ (ਹਰ ਥਾਂ) ਹੈ ਤਿਵੇਂ 'ਸ਼ਬਦ' ਦਾ ਵਾਸ (ਹਰ ਥਾਂ) ਹੈ। 'ਸ਼ਬਦ' ਉਹੀ ਹੈ ਜੋ ਸੰਪੂਰਣ ਸੱਤਿਆ-ਧਾਰੀ (ਪ੍ਰਭੂ) ਹੈ (ਭਾਵ 'ਪ੍ਰਭੂ' ਤੇ ਪ੍ਰਭੂ ਦੀ ਸਿਫ਼ਤ ਦਾ 'ਸ਼ਬਦ' ਇੱਕ ਹੀ ਹਨ)।

ਨਦਰਿ ਕਰੇ ਸਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ ॥

ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦੇ ਹਿਰਦੇ ਵਿਚ ਇਹ 'ਸ਼ਬਦ' ਵੱਸਦਾ ਹੈ, ਉਹ ਮਨੁੱਖ ਹਿਰਦੇ ਵਿਚੋਂ ਭਟਕਣਾ ਦੂਰ ਕਰ ਲੈਂਦਾ ਹੈ,

ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੁੋ ਮੰਨਿ ਵਸਾਏ ॥

ਉਸ ਦਾ ਤਨ ਤੇ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ। ਪ੍ਰਭੂ ਦਾ ਨਾਮ ਹੀ ਉਹ ਮਨੁੱਖ ਆਪਣੇ ਮਨ ਵਿਚ ਵਸਾਈ ਰੱਖਦਾ ਹੈ।

ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ ॥

ਸਤਿਗੁਰ ਦੇ 'ਸ਼ਬਦ' ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ। (ਜੋ ਤਰਿਆ ਹੈ ਉਹ) ਇਥੇ ਉਥੇ (ਲੋਕ ਪਰਲੋਕ ਵਿਚ ਹਰ ਥਾਂ) ਇੱਕ ਪ੍ਰਭੂ ਨੂੰ ਵਿਆਪਕ ਜਾਣਦਾ ਹੈ।

ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ ॥੫੯॥

ਹੇ ਨਾਨਕ! ਜੋ ਮਨੁੱਖ ਇਸ 'ਸ਼ਬਦ' ਨੂੰ ਪਛਾਣ ਲੈਂਦਾ ਹੈ 'ਸ਼ਬਦ' ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਤੇ ਉਸ ਦਾ ਆਪਣਾ ਵੱਖਰਾ ਚਿਹਨ ਤੇ ਵਰਨ ਨਹੀਂ ਰਹਿ ਜਾਂਦਾ (ਭਾਵ, ਉਸ ਦਾ ਵੱਖਰਾ-ਪਨ ਮਿਟ ਜਾਂਦਾ ਹੈ, ਉਸ ਦੇ ਅੰਦਰੋਂ ਮੇਰ-ਤੇਰ ਦੂਰ ਹੋ ਜਾਂਦੀ ਹੈ) ॥੫੯॥

ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ ॥

(ਉੱਤਰ:) ਹੇ ਜੋਗੀ! ਦਸ-ਉਂਗਲ-ਪ੍ਰਮਾਣ ਪ੍ਰਾਣਾਂ ਦੀ ਖ਼ੁਰਾਕ ਅਫੁਰ ਸੱਚਾ ਪ੍ਰਭੂ ਹੈ (ਭਾਵ, ਸੁਆਸ ਸੁਆਸ ਪ੍ਰਭੂ ਦਾ ਨਾਮ ਹੀ ਜਪਣਾ ਹੈ, ਪ੍ਰਭੂ ਦਾ ਨਾਮ ਹੀ ਪ੍ਰਾਣਾਂ ਦਾ ਆਸਰਾ ਹੈ)।

ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ ॥

ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰ ਕੇ (ਸੁਆਸ ਸੁਆਸ ਪ੍ਰਭੂ ਦਾ ਨਾਮ) ਜਪਦਾ ਹੈ, ਉਹ ਅਸਲੀਅਤ (ਭਾਵ, ਜਗਤ ਦਾ ਮੂਲ) ਹਾਸਲ ਕਰ ਲੈਂਦਾ ਹੈ, ਉਹ ਅਲੱਖ ਤੇ ਅਪਾਰ ਪ੍ਰਭੂ ਨੂੰ ਪਛਾਣ ਲੈਂਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ)।

ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ ॥

ਜਦੋਂ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਸ਼ਬਦ ਦੀ ਬਰਕਤਿ ਨਾਲ ਮਾਇਆ ਦਾ) ਤ੍ਰੈ-ਗੁਣੀ ਪ੍ਰਭਾਵ ਮਿਟਾ ਲੈਂਦਾ ਹੈ, ਤਾਂ ਉਸ ਦੇ ਮਨ ਵਿਚੋਂ ਅਹੰਕਾਰ ਨਾਸ ਹੋ ਜਾਂਦਾ ਹੈ।

ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ ॥

(ਇਸ ਤਰ੍ਹਾਂ) ਜਦੋਂ ਉਹ ਆਪਣੇ ਅੰਦਰ ਤੇ ਬਾਹਰ (ਜਗਤ ਵਿਚ) ਇੱਕ ਪ੍ਰਭੂ ਨੂੰ ਹੀ ਵੇਖਦਾ ਹੈ, ਤਾਂ ਉਸ ਦਾ ਪਿਆਰ ਪ੍ਰਭੂ ਦੇ ਨਾਮ ਵਿਚ ਬਣ ਜਾਂਦਾ ਹੈ।

ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥

ਹੇ ਨਾਨਕ! ਜਦੋਂ ਅਲੱਖ ਪ੍ਰਭੂ ਆਪਣਾ ਆਪ ਲਖਾਂਦਾ ਹੈ (ਆਪਣੇ ਸਰੂਪ ਦੀ ਸਮਝ ਬਖ਼ਸ਼ਦਾ ਹੈ), ਤਦੋਂ ਗੁਰਮੁਖ ਇੜਾ ਪਿੰਗੁਲਾ ਸੁਖਮਨਾ ਨੂੰ ਸਮਝ ਲੈਂਦਾ ਹੈ,

ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ॥੬੦॥

(ਭਾਵ, ਗੁਰਮੁਖਿ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ ਉਤਾਂਹ ਹੈ, ਉਸ ਵਿਚ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਸਮਾਈਦਾ ਹੈ ॥੬੦॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਰਾਮਕਲੀ
ਲਿਖਾਰੀ: ਗੁਰੂ ਨਾਨਕ ਦੇਵ ਜੀ
ਅੰਗ: 944
ਲੜੀ ਸੰਃ: 12 - 18

ਰਾਗੁ ਰਾਮਕਲੀ

ਰਾਮਕਲੀ ਦੀਆਂ ਭਾਵਨਾਵਾਂ ਉਨ੍ਹਾਂ ਬੁੱਧੀਮਾਨ ਅਧਿਆਪਕ ਵਰਗੀਆਂ ਹੁੰਦੀਆਂ ਹਨ ਜੋ ਆਪਣੇ ਵਿਦਿਆਰਥੀ ਨੂੰ ਅਨੁਸ਼ਾਸਤ ਕਰਦੀਆਂ ਹਨ।